
ਪ੍ਰੀਤ ਹਰਪਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਮੰਗੀ
ਅੰਮ੍ਰਿਤਸਰ 26 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਬੀਤੇ ਦਿਨੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਵਲੋਂ ਟਿਕ-ਟਾਕ 'ਤੇ ਗਾਏ ਗੀਤ ਵਿਚ ਬਾਬੇ ਨਾਨਕ ਬਾਰੇ ਬੋਲੀਆਂ ਸਤਰਾਂ 'ਤੇ ਉਠੇ ਵਿਵਾਦ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫੀ ਮੰਗੀ ਗਈ ਹੈ। ਗਾਇਕ ਪ੍ਰੀਤ ਹਰਪਾਲ ਵਲੋਂ ਅਪਣੀ ਇਸ ਭੁੱਲ 'ਤੇ ਸ਼ਪਸਟੀਕਰਨ ਦਿੰਦਿਆਂ ਕਿਹਾ ਕਿ ਪ੍ਰਵਾਰ ਨਾਲ ਟ੍ਰੈਵਲ ਕਰਦੇ ਸਮੇਂ ਇਕ ਟਿਕ-ਟਾਕ 'ਤੇ ਇਕ ਕੋਰੋਨਾ ਨੂੰ ਲੈ ਕੇ ਗਾਏ ਪੰਜਾਬੀ ਗੀਤ ਵਿਚ ਉਨ੍ਹਾਂ ਵਲੋਂ ਬਾਬਾ ਨਾਨਕ ਦੀਆਂ ਸਤਰਾਂ ਬੋਲਣ ਤੋਂ ਸੰਗਤਾਂ ਵਲੋਂ ਇਤਰਾਜ਼ ਕਰਨ ਨਾਲ ਛਿੜੇ ਵਿਵਾਦ ਦੇ ਚਲਦਿਆਂ ਅੱਜ ਉਨ੍ਹਾਂ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿਚ ਪੇਸ਼ ਹੋ ਕੇ ਮਾਫ਼ੀਨਾਮਾ ਦਿਤਾ ਗਿਆ। ਪ੍ਰੀਤ ਹਰਪਾਲ ਨੇ ਮਾਫ਼ੀਨਾਮੇ ਵਿਚ ਕਿਹਾ ਕਿ ਉਸ ਵਲੋਂ ਅਣਜਾਣੇ ਵਿਚ ਹੋਈ ਇਸ ਗ਼ਲਤੀ ਦੀ ਮੁਆਫ਼ੀ ਦਿਤੀ ਜਾਵੇ। ਪ੍ਰੀਤ ਹਰਪਾਲ ਨੇ ਕਿਹਾ ਕਿ ਮੇਰੇ ਵਲੋਂ ਗੀਤਾਂ ਵਿਚ ਹਮੇਸ਼ਾ ਚੰਗੇ ਸਮਾਜਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇਕਰ ਮੇਰੇ ਵਲੋਂ ਅਣਜਾਣੇ ਵਿਚ ਗ਼ਲਤੀ ਹੋਈ ਹੈ ਤਾਂ ਮੈਂ ਇਸ ਲਈ ਮੁਆਫ਼ੀਨਾਮਾ ਦੇਣ ਲਈ ਸਿੱਖਾਂ ਦੀ ਸਿਰਮੌਰ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਿਆ ਹਾਂ। ਉਸ ਨੇ ਕਿਹਾ ਕਿ ਜੋ ਵੀ ਸਜ਼ਾ ਲਗਾਈ ਜਾਵੇਗੀ ਉਹ ਉਸ ਨੂੰ ਪ੍ਰਵਾਨ ਕਰਨਗੇ। ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੂੰ ਇਹ ਮੁਆਫ਼ੀਨਾਮਾ ਦਿਤਾ ਗਿਆ। ਨਿਜੀ ਸਹਾ
ਇਕ ਜਸਪਾਲ ਸਿੰਘ ਨੇ ਦਸਿਆ ਕਿ ਇਸ ਮੁਆਫ਼ੀਨਾਮੇ ਸੰਬਧੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰ ਦਿਤਾ ਜਾਵੇਗਾ।