
ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਬਾਨਵਾਲਾ ਨਾਲ ਅਹਿਮ ਮੀਟਿੰਗ..............
ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਬਾਨਵਾਲਾ ਨਾਲ ਅਹਿਮ ਮੀਟਿੰਗ ਕਰ ਕੇ ਫ਼ਸਲੀ ਕਰਜ਼ਿਆਂ ਦੀ ਲਿਮਟ ਤੁਰਤ ਜਾਰੀ ਕਰਵਾਉਣ, ਅਗਲੇ ਸੀਜ਼ਨ ਤੋਂ ਲਿਮਟ ਰਾਸ਼ੀ ਵਧਾਉਣ ਸਮੇਤ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਕਈ ਮੰਗਾਂ ਰੱਖੀਆਂ ਗਈਆਂ। ਨਾਬਾਰਡ ਦੇ ਚੇਅਰਮੈਨ ਵਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਕਿਸਾਨਾਂ ਨੂੰ ਫ਼ਸਲੀ ਕਰਜ਼ਾ ਮੁਹੱਈਆ ਕਰਵਾਉਣ ਹਿੱਤ 4000 ਕਰੋੜ ਰੁਪਏ ਦੀ ਲਿਮਟ ਮਨਜ਼ੂਰ ਕਰ ਕੇ ਜਲਦ ਜਾਰੀ ਕਰਨ ਅਤੇ ਨਵੰਬਰ-ਦਸੰਬਰ ਦੇ ਮਹੀਨੇ ਲਿਮਟ ਨੂੰ ਵਧਾਉਣ ਬਾਰੇ ਪੁਨਰ-ਵਿਚਾਰ ਕਰਨ ਦਾ
ਵਿਸ਼ਵਾਸ ਦਿਵਾਇਆ ਗਿਆ। ਇਸੇ ਤਰ੍ਹਾਂ ਮਿਲਕਫ਼ੈੱਡ ਦੇ ਚਾਰ ਪਲਾਂਟਾਂ ਦੇ ਨਵੀਨੀਕਰਨ ਲਈ 318 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਮਿਲੀ।
ਇਸ ਮੀਟਿੰਗ ਦੌਰਾਨ ਸ. ਰੰਧਾਵਾ ਵਲੋਂ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਨਾਬਾਰਡ ਨਾਲ ਸਬੰਧਤ ਅਹਿਮ ਮੁੱਦੇ ਸਾਂਝੇ ਕੀਤੇ ਗਏ। ਇਨ੍ਹਾਂ ਮੁੱਦਿਆਂ ਵਿਚ ਮੁੱਖ ਤੌਰ 'ਤੇ ਸੂਬੇ ਦੇ ਸਹਿਕਾਰੀ ਬੈਂਕਾਂ ਨੂੰ ਨਾਬਾਰਡ ਵਲੋਂ ਖੇਤੀਬਾੜੀ ਕਰਜ਼ਿਆਂ ਲਈ ਦਿਤੀ ਜਾ ਰਹੀਂ ਰੀਫ਼ਾਇਨਾਂਸ ਦੀ ਲਿਮਟ ਤੁਰਤ ਜਾਰੀ ਕਰਨਾ ਸੀ। ਨਾਬਾਰਡ ਦੇ ਚੇਅਰਮੈਨ ਵਲੋਂ ਇਸ ਨੂੰ ਤੁਰਤ ਜਾਰੀ ਕਰਨ ਦਾ ਯਕੀਨ ਦਿਵਾਇਆ ਗਿਆ।
ਸਹਿਕਾਰਤਾ ਮੰਤਰੀ ਵਲੋਂ ਨਾਬਾਰਡ ਦੇ ਚੇਅਰਮੈਨ ਕੋਲ ਮਿਲਕਫ਼ੈੱਡ ਪੰਜਾਬ ਨੂੰ ਡੀ.ਆਈ.ਡੀ.ਐਫ. ਫੰਡ ਵਿਚੋਂ ਦਿਤੀ ਜਾਣ ਵਾਲੀ ਵਿੱਤੀ ਸਹਾਇਤਾ ਦਾ ਵੀ ਮੁੱਦਾ ਉਠਾਇਆ ਗਿਆ ਜਿਸ ਲਈ ਰਾਜ ਸਰਕਾਰ ਵਲੋਂ ਗਾਰੰਟੀ ਦੇਣ ਦੀ ਸ਼ਰਤ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ। ਇਸ ਮੰਗ ਨੂੰ ਮੌਕੇ 'ਤੇ ਹੀ ਚੇਅਰਮੈਨ ਵਲੋਂ ਇਹ ਸ਼ਰਤ ਖ਼ਤਮ ਕਰਨ ਦਾ ਸਹਿਮਤੀ ਪੱਤਰ ਵੀ ਜਾਰੀ ਕਰ ਦਿਤਾ ਗਿਆ ਜਿਸ ਨਾਲ ਪੰਜਾਬ ਦੇ ਚਾਰ ਸ਼ਹਿਰਾਂ ਦੇ ਨਵੀਨੀਕਰਨ ਲਈ 318 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਮਿਲ ਗਈ।