
ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਨਹੀਂ ਮੰਨੀ ਸਲਾਹ!
ਚੰਡੀਗੜ੍ਹ, 25 ਅਗਸਤ, (ਨੀਲ ਭਾਲਿੰਦਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸੱਭ ਤੋਂ ਸੀਨੀਆਰ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੁੱਝ ਹਫ਼ਤੇ ਪਹਿਲਾਂ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ 'ਤੇ ਸਮੂਹ ਵਿਧਾਇਕਾਂ ਸਣੇ ਮੰਤਰੀਆਂ ਨੂੰ ਆਪੋ-ਅਪਣੇ ਟੈਸਟ ਕਰਵਾਉਣ ਦੀ ਸਲਾਹ ਦਿਤੀ ਸੀ ਪਰ ਜਾਪਦੈ ਕਿ ਮੁੱਖ ਮੰਤਰੀ ਦੀ ਸਲਾਹ ਸ਼ਾਇਦ ਹੀ ਕਿਸੇ ਨੇ ਮੰਨੀ ਹੋਵੇ ਕਿਉਂਕਿ ਹੁਣ ਜਦੋਂ ਸੰਵਿਧਾਨਕ ਲੋੜਾਂ ਦੀ ਪੂਰਤੀ ਹਿੱਤ ਵਿਧਾਨ ਸਭਾ ਦਾ ਇਕ ਰੋਜ਼ਾ ਇਜਲਾਸ ਸਦਿਆ ਗਿਆ ਹੈ ਤਾਂ ਇਸ ਵਿਚ ਸ਼ਮੂਲੀਅਤ ਲਈ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੀ ਸ਼ਰਤ ਲਾਜ਼ਮੀ ਕਰ ਦਿਤੀ ਗਈ ਹੈ, ਜਿਸ ਦੇ ਚਲਦਿਆਂ ਹੁਣ ਹਰ ਵਿਧਾਨ ਸਭਾ ਮੈਂਬਰ ਨੂੰ ਇਹ ਟੈਸਟ ਕਰਵਾਉਣਾ ਪੈ ਰਿਹਾ ਹੈ ਤੇ ਧੜਾਧੜ ਟੈਸਟ ਕਰਵਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਵਿਧਾਨ ਸਭਾ ਦਾ ਇਹ ਇਕ ਰੋਜ਼ਾ ਇਜਲਾਸ ਬੁਰੀ ਤਰ੍ਹਾਂ ਕੋਰੋਨਾ ਦੇ ਪਰਛਾਵੇਂ ਹੇਠ ਹੋਣ ਜਾ ਰਿਹਾ ਹੈ। ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਅਪਣੇ ਆਪ ਨੂੰ ਚੰਡੀਗੜ੍ਹ ਅਪਣੇ ਘਰ 'ਚ ਹੀ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਅਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਕੋਰੋਨਾ ਟੈਸਟ ਕਰਵਾ ਲੈਣ। ਅਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੈਬਨਿਟ ਮੰਤਰੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿਤੀ।
ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਕਾਲੀ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਅਰੋੜਾ, ਵਿਧਾਇਕ ਕੰਬੋਜ ਤੇ ਚੰਦੂਮਾਜਰਾ ਦੀ ਸਿਹਤਯਾਬੀ ਲਈ ਟਵੀਟ ਕਰ ਕੇ ਦੁਆ ਕੀਤੀ ਹੈ। ਉਧਰ ਅੱਜ ਵਿਧਾਨ ਸਭਾ ਇਜਲਾਸ ਦੇ ਸਨਮੁੱਖimage ਵੱਡੀ ਗਿਣਤੀ ਵਿਚ ਵਿਧਾਇਕਾਂ ਅਤੇ ਪੱਤਰਕਾਰਾਂ ਨੇ ਅਪਣੇ ਟੈਸਟ ਕਰਵਾਏ, ਜਿਨ੍ਹਾਂ ਚੋਂ ਇਕ ਆਪ ਵਿਧਾਇਕ ਅਤੇ ਪੰਜਾਬੀ ਟੀਵੀ ਦੇ ਕੈਮਰਾਮੈਨ ਦੀ ਰੀਪੋਰਟ ਪਾਜ਼ੇਟਿਵ ਦੱਸੀ ਜਾ ਰਹੀ ਹੈ