
ਲੌਕਡਾਉਨ ਦੌਰਾਨ ਹੁਣ ਤੱਕ ਚੁਣੇ ਹੋਏ 1316 ਨੁਮਾਇੰਦਿਆਂ ਨੇ ਸੂਬੇ ਭਰ ਦੇ ਇਹਨਾਂ ਸਿਖਲਾਈ ਅਤੇ ਓਰੀਐਂਟੇਸ਼ਨ ਕੋਰਸਾਂ ਵਿਚ ਹਿੱਸਾ ਲੈ ਕੇ ਲਾਭ ਉਠਾਇਆ ਹੈ।
ਚੰਡੀਗੜ੍ਹ: ਪੰਜਾਬ ਰਾਜ ਪੇਂਡੂ ਵਿਕਾਸ ਸੰਸਥਾ (ਐਸ.ਆਈ.ਆਰ.ਡੀ.) ਵਲੋਂ ਕੋਰੋਨਾ ਵਾਇਰਸ ਮਾਹਾਂਮਾਰੀ ਕਾਰਨ ਸੂਬੇ ਵਿਚ ਕੀਤੀ ਗਈ ਤਾਲਾਬੰਦੀ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੀਆਂ ਵੱਖ ਵੱਖ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਆਂ ਨੂੰ ਲੋਕ ਭਲਾਈ ਅਤੇ ਪੇਂਡੂ ਵਿਕਾਸ ਬਾਰੇ ਵੱਖ ਵੱਖ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲੀ ਜਾਮਾਂ ਪਹਿਨਾਉਣ ਲਈ ਹੁਣ ਤੱਕ 58 ਆਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਏ ਗਏ ਹਨ।
Corona Virus
ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਨੇ ਸੰਸਥਾ ਦੇ ਨਿਯਮਤ ਕਾਰਜਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਪਰ ਐਸ.ਆਈ.ਆਰ.ਡੀ ਨੇ ਆਪਣੀ ਸਿਖਲਾਈ ਵਿਧੀ ਨੂੰ ਮੌਜੂਦਾ ਸਥਿਤੀ ਮੁਤਾਬਕ ਢਾਲਣ ਲਈ ਬਿਨਾਂ ਸਮਾਂ ਗਵਾਇਆਂ ਸਿਖਲਾਈ ਦੀ ਆਨਲਾਈਨ ਵਿਧੀ ਨੂੰ ਅਪਣਾ ਲਿਆ। ਉਹਨਾਂ ਦੱਸਿਆ ਕਿ ਲੌਕਡਾਉਨ ਦੌਰਾਨ ਹੁਣ ਤੱਕ ਚੁਣੇ ਹੋਏ 1316 ਨੁਮਾਇੰਦਿਆਂ ਨੇ ਸੂਬੇ ਭਰ ਦੇ ਇਹਨਾਂ ਸਿਖਲਾਈ ਅਤੇ ਓਰੀਐਂਟੇਸ਼ਨ ਕੋਰਸਾਂ ਵਿਚ ਹਿੱਸਾ ਲੈ ਕੇ ਲਾਭ ਉਠਾਇਆ ਹੈ।
Tripat Rajinder Singh Bajwa
ਬਾਜਵਾ ਨੇ ਕਿਹਾ ਕਿ ਛੋਟੀ ਮਿਆਦ ਦੇ ਆਨਲਾਈਨ ਸਿਖਲਾਈ ਪ੍ਰੋਗਰਾਮਾਂ ਦਾ ਉਦੇਸ ਚੁਣੇ ਹੋਏ ਨੁਮਾਇੰਦਿਆਂ ਅਤੇ ਪੀ.ਆਰ.ਆਈਜ ਦੇ ਮੁਲਾਜ਼ਮਾਂ ਦੀ ਪੇਂਡੂ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿਚ ਸਮਰੱਥਾ ਵਧਾਉਣਾ ਹੈ ਤਾਂ ਜੋ ਉਹ ਸਮੇਂ ਸਮੇਂ ’ਤੇ ਜਾਰੀ ਨਿਰਦੇਸਾਂ ਅਤੇ ਹਦਾਇਤਾਂ ਅਨੁਸਾਰ ਕੋਵਿਡ ਨਿਯੰਤਰਣ ਉਪਾਵਾਂ ਵਿਚ ਪ੍ਰਭਾਵਸਾਲੀ ਅਤੇ ਢੁੱਕਵੇਂ ਢੰਗ ਨਾਲ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਆਨਲਾਈਨ ਪ੍ਰੋਗਰਾਮਾਂ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਦੇਣ ਲਈ ਉਤਸਾਹਤ ਕਰਨਾ, ਸਵੈ ਸਹਾਇਤਾ ਗਰੁੱਪਾਂ ਲਈ ਜੀਵਨ ਨਿਰਬਾਹ ਦੇ ਮੌਕੇ ਮੁਹੱਈਆ ਕਰਵਾਉਣਾ, ਰੁੱਖ ਲਗਾਉਣ ਅਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।
Punjab Govt
ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸਨਰ ਸ੍ਰੀਮਤੀ ਸੀਮਾ ਜੈਨ ਨੇ ਕਿਹਾ ਕਿ ਐਸ.ਆਈ.ਆਰ.ਡੀ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਦੇ ਵਧੀਆ ਕੰਮਾਂ ਨੂੰ ਸਾਂਝਾ ਕਰਨ ਅਤੇ ਪਿੰਡਾਂ ਦੇ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ ਲਈ ਈ-ਲਰਨਿੰਗ ਵੈਬਸਾਈਟ, ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ਵੀ ਤਿਆਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸਮੇਂ ਦੀ ਬਚਤ ਅਤੇ ਲਾਗਤ ਨੂੰ ਬਚਾਉਣ ਦੇ ਨਾਲ ਨਾਲ ਮਹੱਤਵਪੂਰਣ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਿਸ਼ਿਆਂ ‘ਤੇ ਕਈ ਲਘੁ ਫਿਲਮਾਂ ਅਤੇ ਵੀਡਿਓ ਵੀ ਤਿਆਰ ਕੀਤੀਆਂ ਗਈਆਂ ਹਨ।
ਐਸ.ਆਈ.ਆਰ.ਡੀ ਦੇ ਮੁਖੀ ਅਤੇ ਪ੍ਰੋਫੈਸਰ ਸ੍ਰੀਮਤੀ ਰੋਜੀ ਵੈਦ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੇ ਸਾਰੇ ਸਰਪੰਚਾਂ ਨੂੰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਪਿੰਡ ਦੇ ਲੋਕਾਂ ਨੂੰ ਜਾਗਰੂਕ ਅਤੇ ਤਿਆਰ ਕਰਨ ਲਈ ਰੋਜਾਨਾ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਸੰਦੇਸ ਭੇਜੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਇਹ ਯਤਨ ਕਾਫੀ ਪ੍ਰਭਾਵਸਾਲੀ ਅਤੇ ਸਕਾਰਾਤਮਕ ਸਿੱਧ ਹੋ ਰਹੇ ਹਨ।
Tript Bajwa
ਕੌਮੀ ਪੁਰਸਕਾਰ ਜੇਤੂ ਨੌਜਵਾਨ ਸਰਪੰਚ ਪੰਥਦੀਪ ਛੀਨਾ ਜੋ ਕਿ ਐਸ.ਆਈ.ਆਰ.ਡੀ ਦੀਆਂ ਸਾਰੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ, ਨੇ ਸਮੂਹ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਸ.ਆਈ.ਆਰ.ਡੀ ਦੇ ਸਾਰੇ ਆਨਲਾਈਨ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ। ਉਹਨਾਂ ਕਿਹਾ ਕਿ ਇਹ ਟਰੇਨਿੰਗ ਪ੍ਰੋਗਰਾਮ ਜਮੀਨੀ ਪੱਧਰ ’ਤੇ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਵਧੇਰੇ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ।