
ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਅਤੇ ਗੋਇੰਦਵਾਲ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਉਤਪਾਦਨ ਹੋਇਆ ਠੱਪ
ਪਟਿਆਲਾ, 25 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਕਿਸਾਨੀ ਅੰਦੋਲਨ ਦੀ ਭੇਂਟ ਚੜ੍ਹਦਿਆਂ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਦਾ ਅੱਜ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਇਸ ਗੱਲ 'ਤੇ ਸਹਿਮਤ ਹੋ ਗਈਆਂ ਸਨ ਕਿ ਕੋਲੇ ਦੀ ਸਪਲਾਈ ਸ਼ੁਰੂ ਕਰ ਦਿਤੀ ਜਾਵੇ ਪਰ ਕਈ ਕਿਸਾਨ ਜਥੇਬੰਦੀਆਂ ਨੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਨੂੰ ਜਾਂਦੀਆਂ ਰੇਲ ਲਾਈਨਾਂ 'ਤੇ ਮੁੜ ਅਪਣੇ ਸੰਘਰਸ਼ ਦਾ ਝੰਡਾ ਗੱਡ ਦਿਤਾ ਹੈ ਜਿਸ ਕਾਰਨ ਕੋਲਾ ਸਪਲਾਈ ਮੁੜ ਬੰਦ ਹੋ ਗਈ ਜਿਸ ਦੇ ਸਿੱਟੇ ਇਨ੍ਹਾਂ ਤਾਪ ਬਿਜਲੀ ਘਰਾਂ ਤੋਂ ਬਿਜਲੀ ਸਪਲਾਈ ਮੁੜ ਬੰਦ ਹੋ ਗਈ ਹੈ।
ਇਸ ਵਿਚ ਗੋਇੰਦਵਾਲ ਸਾਹਿਬ ਦਾ ਜੀਵੀਕੇ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਣਾਂਵਾਲੀ ਸ਼ਾਮਲ ਹੈ ਜੋ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਹੈ। ਇਸ ਵੇਲੇ ਨਿਜੀ ਖੇਤਰ ਦਾ ਸਿਰਫ਼ ਇਕ ਰਾਜਪੁਰਾ ਦਾ ਨਲਾਸ ਤਾਪ ਬਿਜਲੀ ਘਰ ਦਾ ਇਕ ਯੂਨਿਟ ਹੀ ਬਿਜਲੀ ਉਤਪਾਦਨ ਕਰ ਰਿਹਾ ਹੈ। ਸਰਕਾਰੀ ਤਾਪ ਬਿਜਲੀ ਘਰ ਰੋਪੜ ਅਤੇ ਲਹਿਰਾ ਮੁਹੱਬਤ ਪਹਿਲਾਂ ਹੀ ਬੰਦ ਹਨ। ਇਸ ਵੇਲੇ ਪੰਜਾਬ ਦਾ ਬਿਜਲੀ ਲੋਡ 5504 ਮੈਗਾਵਾਟ ਹੈ। ਇਸ ਦੀ ਪੂਰਤੀ ਲਈ ਪੰਜਾਬ ਬਿਜਲੀ ਨਿਗਮ ਨੂੰ ਪਣ ਬਿਜਲੀ ਘਰਾਂ ਤੋਂ 452 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਵਿਚ ਰਣਜੀਤ ਸਾਗਰ ਡੈਮ ਤੋਂ 127 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ ਤੋਂ 44 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ ਤੋਂ 31 ਮੈਗਾਵਾਟ ਅਤੇ ਸਾਨਨ ਪਣ ਬਿਜਲੀ ਘਰ ਜੋਗਿੰਦਰ ਨਗਰ ਤੋਂ 70 ਮੇਗਾਵਾਟ ਅਤੇ ਨਵਿਆਉਣਯੋਗ ਸਰੋਤਾਂ ਤੋਂ ਇਸ ਵੇਲੇ 102 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ, ਇਸ ਵਿਚ ਸੌਰ ਊਰਜਾ ਤੋਂ 25 ਮੈਗਾਵਾਟ ਅਤੇ ਗੈਰ ਸੌਰ ਊਰਜਾ ਪ੍ਰਾਜੈਕਟਾਂ ਤੋਂ 77 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਭਾਖੜਾ ਦੇ ਪ੍ਰਾਜੈਕਟਾਂ ਤੋਂ ਵੀ ਪੰਜਾਬ ਨੂੰ ਬਿਜਲੀ ਮਿਲ ਰਹੀ ਹੈ।
ਇਸ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਇਸ ਵੇਲੇ ਰਾਜ ਦੇ ਨਿਜੀ ਖੇਤਰ ਦੇ ਤਾਪ ਬਿਜਲੀ ਘਰ ਕੋਲੇ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਕੋਲਾ ਨਾ ਆਇਆ ਤਾਂ ਪੰਜਾਬ ਨੂੰ ਬਿਜਲੀ ਦੀ ਘਾਟ ਹੋਵੇਗੀ ਤੇ ਬਿਜਲੀ ਕੱਟ ਸੁਭਾਵਕ ਹੀ ਲਗਣਗੇ। ਉਨ੍ਹਾਂ ਆਖਿਆ ਕਿ ਪੰਜਾਬ ਇਸ ਵੇਲੇ ਵਿਤੀ ਸੰਕਟ 'ਚੋਂ ਗੁਜ਼ਰ ਰਿਹਾ ਹੈ ਜਿਸ ਕਰਕੇ ਬਿਜਲੀ ਕੇਂਦਰੀ ਪੁਲ 'ਚੋਂ ਖ਼ਰੀਦਣੀ ਵੀ ਮੁਸ਼ਕਲ ਹੋ ਜਾਵੇਗੀ।