
ਨਮ ਅੱਖਾਂ ਨਾਲ ਪਰਿਵਾਰ ਨੇ ਦਿਤੀ ਵਿਦਾਈ
Lt Col Karanbir Singh Natt: ਕੁਪਵਾੜਾ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਲੜਨ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਅਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 2015 ਵਿਚ ਅਤਿਵਾਦੀਆਂ ਨਾਲ ਲੜਾਈ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਅੱਠ ਸਾਲਾਂ ਤੋਂ ਕੋਮਾ ਵਿਚ ਸਨ। ਬੀਤੇ ਦਿਨੀਂ ਉਨ੍ਹਾਂ ਨੇ ਮਿਲਟਰੀ ਹਸਪਤਾਲ ਜਲੰਧਰ ਵਿਚ ਆਖਰੀ ਸਾਹ ਲਿਆ।
ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਫ਼ੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦਾ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿਤੀ। ਧੀ ਗੁਰਨੀਤ ਕੌਰ ਨੇ ਅਪਣੇ ਪਿਤਾ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦਾ ਅੰਤਿਮ ਸੰਸਕਾਰ ਕੀਤਾ। ਇਸ ਮੌਕੇ ਛੋਟੀ ਬੇਟੀ ਅਸ਼ਨੀਤ ਕੌਰ ਵੀ ਮੌਜੂਦ ਸਨ। ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੌਕੇ 'ਤੇ ਮੌਜੂਦ ਕਈ ਫ਼ੌਜੀ ਅਧਿਕਾਰੀਆਂ ਦੀਆਂ ਵੀ ਅੱਖਾਂ ਨਮ ਸਨ। ਇਸ ਦੌਰਾਨ ਭਾਰਤੀ ਫ਼ੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕਰਨਬੀਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਉਤੇ ਮਾਣ ਹੈ। ਉਨ੍ਹਾਂ ਦਸਿਆ ਕਿ ਜਦੋਂ ਉਨ੍ਹਾਂ ਨੂੰ ਅਪਣੇ ਪੁੱਤਰ ਦਾ ਫੋਨ ਮਿਲਿਆ ਤਾਂ ਉਸ ਨੇ ਵਟਸਐਪ ਸਟੇਟਸ ਉਤੇ ਲਿਖਿਆ ਸੀ ਕਿ, “ਮੈਂ ਅਪਣੀ ਕਹਾਣੀ ਦਾ ਅੰਤ ਨਹੀਂ ਜਾਣਦਾ ਪਰ ਕੋਈ ਇਹ ਨਹੀਂ ਕਹੇਗਾ ਕਿ ਮੈਂ ਹਿੰਮਤ ਛੱਡ ਦਿਤੀ”। ਉਨ੍ਹਾਂ ਦਸਿਆ ਕਰਨਬੀਰ ਸਿੰਘ ਰਹਿਤ ਮਰਿਯਾਦਾ ਦੇ ਬਹੁਤ ਪੱਕੇ ਸਨ ਅਤੇ ਉਨ੍ਹਾਂ ਨੂੰ ਗੁਰਬਾਣੀ ਵਿਚ ਬਹੁਤ ਵਿਸ਼ਵਾਸ ਸੀ। ਉਨ੍ਹਾਂ ਦੇ ਪਤਨੀ ਨਵਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪਤੀ ਦੀ ਬਹਾਦਰੀ ਉਤੇ ਮਾਣ ਹੈ। ਉਨ੍ਹਾਂ ਨੂੰ 8 ਸਾਲਾਂ ਤੋਂ ਉਮੀਦ ਸੀ ਪਰ ਅੱਜ ਉਹ ਉਮੀਦ ਟੁੱਟ ਗਈ।
8 ਸਾਲ ਇਕ ਮਹੀਨਾ ਇਕ ਦਿਨ ਕੋਮਾ ਵਿਚ ਰਹਿਣ ਵਾਲੇ ਦੇਸ਼ ਦੇ ਇਸ ਬਹਾਦਰ ਪੁੱਤਰ ਦਾ ਹਰ ਦਿਨ ਇਕ ਵੱਡੇ ਸੰਘਰਸ਼ ਵਜੋਂ ਜਾਣਿਆ ਜਾਵੇਗਾ। ਫ਼ੌਜੀ ਹਸਪਤਾਲ ਵਿਚ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਇਸ ਦੌਰਾਨ ਉਨਾਂ ਦੇ ਕਮਰੇ ਵਿਚ ਗੁਰਬਾਣੀ ਕੀਰਤਨ ਚੱਲਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਨਵੰਬਰ 2015 'ਚ ਲੈਫਟੀਨੈਂਟ ਕਰਨਲ ਨੈਟ 160 ਟੈਰੀਟੋਰੀਅਲ ਆਰਮੀ ਬਟਾਲੀਅਨ (ਜੇ.ਏ.ਕੇ. ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2ਆਈ.ਸੀ.) ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਦੌਰਾਨ ਉਸ ਨੇ ਕੁਪਵਾੜਾ ਨੇੜੇ ਇਕ ਪਿੰਡ ਵਿਚ ਲੁਕੇ ਹੋਏ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ। ਲੈਫਟੀਨੈਂਟ ਕਰਨਲ ਨੱਟ ਨੂੰ ਅਸਲ ਵਿਚ 1998 ਵਿਚ ਇਕ ਸ਼ਾਰਟ ਸਰਵਿਸ ਕਮਿਸ਼ਨਡ ਅਫਸਰ ਵਜੋਂ ਬ੍ਰਿਗੇਡ ਆਫ਼ ਗਾਰਡਜ਼ ਵਿਚ ਕਮਿਸ਼ਨ ਦਿਤਾ ਗਿਆ ਸੀ। 2012 ਵਿਚ ਸੇਵਾ ਤੋਂ ਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ 14 ਸਾਲ ਰੈਜੀਮੈਂਟ ਵਿਚ ਸੇਵਾ ਕੀਤੀ। ਸ਼ਾਰਟ ਸਰਵਿਸ ਤੋਂ ਬਾਅਦ ਉਹ ਟੈਰੀਟੋਰੀਅਲ ਆਰਮੀ ਵਿਚ ਸ਼ਾਮਲ ਹੋ ਗਏ।
ਜਦੋਂ 25 ਨਵੰਬਰ 2015 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ ਵਿਚ ਇਕ ਝੌਂਪੜੀ ਵਿਚ ਲੁਕੇ ਇਕ ਅਤਿਵਾਦੀ ਨੇ ਕੰਟਰੋਲ ਰੇਖਾ ਦੇ ਨੇੜੇ, ਉਸ ਉਤੇ ਗੋਲੀਬਾਰੀ ਕੀਤੀ, ਲੈਫਟੀਨੈਂਟ ਕਰਨਲ ਨੱਟ ਦੇ ਚਿਹਰੇ, ਖਾਸ ਕਰਕੇ ਹੇਠਲੇ ਜਬਾੜੇ ਵਿਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਪਹਿਲਾਂ ਸ੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ ਵਿਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕੀਤੀ। ਲੈਫਟੀਨੈਂਟ ਕਰਨਲ ਨੱਟ ਦਾ ਪਰਿਵਾਰ ਮੂਲ ਰੂਪ ਵਿਚ ਬਟਾਲਾ ਨੇੜੇ ਪਿੰਡ ਢਡਿਆਲਾ ਨੱਟ ਦਾ ਰਹਿਣ ਵਾਲਾ ਹੈ। ਉਹ ਅਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਗੁਨੀਤ ਅਤੇ ਅਸ਼ਮੀਤ ਛੱਡ ਗਏ ਹਨ। ਕਰਨਬੀਰ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਉਸ ਦੇ ਪਿਤਾ ਜਗਤਾਰ ਸਿੰਘ ਫ਼ੌਜ ਵਿਚੋਂ ਕਰਨਲ ਦੇ ਅਹੁਦੇ ਨਾਲ ਸੇਵਾਮੁਕਤ ਹੋਏ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।