
ਸਿਟੀ ਸੈਂਟਰ ਘੁਟਾਲਾ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਦਾਲਤ ਨੇ ਉਨ੍ਹਾਂ...
ਚੰਡੀਗੜ੍ਹ: ਸਿਟੀ ਸੈਂਟਰ ਘੁਟਾਲਾ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਦਾਲਤ ਨੇ ਉਨ੍ਹਾਂ ਵਲੋਂ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਵਿਰੁਧ ਦਾਇਰ ਅਰਜ਼ੀ ਰੱਦ ਕਰ ਦਿਤੀ। ਇਹ ਫ਼ੈਸਲਾ ਲੁਧਿਆਣਾ ਦੀ ਅਦਾਲਤ ਨੇ ਸੁਣਾਇਆ। ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਵਲੋਂ ਅਰਜ਼ੀ ਖਾਰਜ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਰਮਨਦੀਪ ਮੁਤਾਬਕ ਉਨ੍ਹਾਂ ਵਲੋਂ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਹਾਲਾਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ, 2019 ਨੂੰ ਹੋਵੇਗੀ।
ਸੈਣੀ ਨੇ ਇਸ ਮਾਮਲੇ ਸਬੰਧੀ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਉਨ੍ਹਾਂ ਦਾ ਪੱਖ ਸੁਣਨ ਦੀ ਗੁਹਾਰ ਲਗਾਈ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਕੁਝ ਅਹਿਮ ਦਸਤਾਵੇਜ਼ ਅਦਾਲਤ ਨੂੰ ਪੇਸ਼ ਕਰਨਾ ਚਾਹੁੰਦੇ ਹਨ। ਸਰਕਾਰੀ ਪੱਖ ਤੋਂ ਨਿਰਦੇਸ਼ਕ ਚੰਡੀਗੜ੍ਹ ਜ਼ਿਲ੍ਹਾ ਅਟਾਰਨੀ ਰਵੀ ਕੁਮਾਰ ਨੇ ਅਦਾਲਤ ਵਿਚ ਸੈਣੀ ਦੀ ਅਰਜ਼ੀ ਦਾ ਸਖ਼ਤ ਵਿਰੋਧ ਕੀਤਾ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਵਿਧਾਇਕ ਸਿਮਰਨਜੀਤ ਬੈਂਸ ਤੇ ਸਾਬਕਾ ਐਸਐਸਪੀ ਵਿਜੀਲੈਂਸ ਦੀਆਂ ਅਰਜ਼ੀਆਂ ਵੀ ਰੱਦ ਕਰ ਦਿਤੀਆਂ ਹਨ। ਇਸ ਕੇਸ ਵਿਚ ਵਿਜੀਲੈਂਸ ਨੇ ਅਪਣੀ ਕਲੋਜ਼ਰ ਰਿਪੋਰਟ ਦਾਇਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿਤੀ ਸੀ। ਹੁਣ ਸਾਬਕਾ ਡੀਜੀਪੀ ਦੀ ਅਰਜ਼ੀ ਰੱਦ ਹੋਣ ਨਾਲ ਸੀਐਮ ਕੈਪਟਨ ਸਮੇਤ ਸਾਰੇ ਮੁਲਜ਼ਮਾਂ ਨੂੰ ਰਾਹਤ ਮਿਲੀ ਹੈ।