
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਬਣੇ ਪੰਜਾਬ ਡੈਮੋਕਰੇਟਿਕ ਅਲਾਇੰਸ (ਪੰਜਾਬ ਲੋਕਤਾਂਤਰਿਕ ਗਠਜੋੜ) ਵਿਚ ਅੱਜ ਫੁਟ ਸਾਹਮਣੇ ਆ ਗਈ..........
ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਬਣੇ ਪੰਜਾਬ ਡੈਮੋਕਰੇਟਿਕ ਅਲਾਇੰਸ (ਪੰਜਾਬ ਲੋਕਤਾਂਤਰਿਕ ਗਠਜੋੜ) ਵਿਚ ਅੱਜ ਫੁਟ ਸਾਹਮਣੇ ਆ ਗਈ ਜਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਖੜੇ ਕੀਤੇ ਉਮੀਦਵਾਰ ਦੇ ਮੁਕਾਬਲੇ ਹਲਕਾ ਬਹੁਜਨ ਸਮਾਜ ਪਾਰਟੀ ਨੂੰ ਦੇ ਦਿਤਾ। ਪਿਛਲੀ ਰਾਤ ਗਠਜੋੜ ਦੀ ਹੋਈ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਹਿੱਸਾ ਨਾ ਲਿਆ। ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਨੇ ਅਪਣਾ ਉਮੀਦਵਾਰ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਐਲਾਨਿਆ ਹੈ।
ਹੁਣ ਟਕਸਾਲੀ ਅਕਾਲੀ ਦਲ ਦੇ ਮੁਕਾਬਲੇ ਬਸਪਾ ਦਾ ਉਮੀਦਵਾਰ ਖੜਾ ਹੋਵੇਗਾ। ਮੀਟਿੰਗ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਦੁੱਖ ਦੀ ਗਲ ਹੈ ਕਿ ਅਕਾਲੀ ਦਲ ਟਕਸਾਲੀ ਨੇ ਬਿਨਾਂ ਬਾਕੀ ਪਾਰਟੀਆਂ ਦੀ ਸਲਾਹ ਲਏ ਆਨੰਦਪੁਰ ਸਾਹਿਬ ਹਲਕੇ ਤੋਂ ਅਪਣਾ ਉਮੀਦਵਾਰ ਖੜਾ ਕਰ ਦਿਤਾ। ਪਿਛਲੇ ਕਈ ਦਿਨਾਂ ਤੋਂ ਇਸ ਹਲਕੇ ਸਬੰਧੀ ਝਗੜਾ ਚਲ ਰਿਹਾ ਸੀ । ਬੀਰ ਦਵਿੰਦਰ ਸਿੰਘ ਪਿਛੇ ਹਟਣ ਲਈ ਤਿਆਰ ਨਹੀਂ ਸੀ ਅਤੇ ਬਸਪਾ ਇਹ ਸੀਟ ਕਿਸੇ ਕੀਮਤ 'ਤੇ ਅਕਾਲੀ ਦਲ ਨੂੰ ਦੇਣ ਲਈ ਤਿਆਰ ਨਹੀਂ ਸੀ।
ਪਿਛਲੀ ਰਾਤ ਹੋਈ ਮੀਟਿੰਗ 'ਚ ਚਾਰ ਪਾਰਟੀਆਂ, ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬਸਪਾ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਦਸਿਆ ਗਿਆ ਕਿ 9 ਹਲਕਿਆਂ ਦੀ ਵੰਡ ਕਰ ਲਈ ਹੈ। ਬਸਪਾ ਨੂੰ ਅਨੰਦਪੁਰ ਸਾਹਿਬ, ਜਲੰਧਰ ਅਤੇ ਹੁਸ਼ਿਆਰਪੁਰ ਹਲਕੇ ਦਿਤੇ ਗਏ ਹਨ। ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨੂੰ ਬਠਿੰਡਾ ਅਤੇ ਫ਼ਰੀਦਕੋਟ, ਬੈਂਸ ਭਰਾਵਾਂ ਦੀ ਪਾਰਟੀ ਨੂੰ ਲੁਧਿਆਣਾ, ਅੰਮ੍ਰਿਤਸਰ ਅਤੇ ਫ਼ਤਿਹਗੜ੍ਹ ਸਾਹਿਬ ਅਤੇ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨੂੰ ਪਟਿਆਲਾ ਸੀਟ ਛੱਡੀ ਗਈ ਹੈ।
ਚਾਰ ਹਲਕਿਆਂ ਸੰਗਰੂਰ, ਗੁਰਦਾਸਪੁਰ, ਖਡੂਰ ਸਾਹਿਬ ਅਤੇ ਫ਼ਿਰੋਜ਼ਪੁਰ ਦੀ ਅਜੇ ਵੰਡ ਨਹੀਂ ਕੀਤੀ ਗਈ। ਹੁਣ ਸ਼੍ਰੋਮਣੀ ਅਕਾਲੀ ਦਲ ਜੇਕਰ ਇਸ ਗਠਬੰਧਨ ਨਾਲ ਸਾਂਝ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਅਨੰਦਪੁਰ ਸਾਹਿਬ ਦਾ ਹਲਕਾ ਛੱਡਣਾ ਪਵੇਗਾ ਜਿਸ ਤੋਂ ਉਨ੍ਹਾਂ ਅਪਣਾ ਉਮੀਦਵਾਰ ਬੀਰ ਦਵਿੰਦਰ ਸਿੰਘ ਨੂੰ ਐਲਾਨਿਆ ਹੈ। ਬੀਰ ਦਵਿੰਦਰ ਸਿੰਘ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ
ਕਿ ਉਹ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜਨਗੇ। ਉਨ੍ਹਾਂ ਨੇ ਇਸ ਹਲਕੇ 'ਚ ਕਈ ਦਿਨਾਂ ਤੋਂ ਸਰਗਰਮੀਆਂ ਵੀ ਆਰੰਭੀਆਂ ਹੋਈਆਂ ਹਨ। ਟਕਸਾਲੀ ਅਕਾਲੀਆਂ ਨੇ ਵੀ ਉਸ ਦਾ ਨਾਮ ਵਾਪਸ ਲੈਣ ਤੋਂ ਨਾਂਹ ਕਰ ਦਿਤੀ ਸੀ। ਸ. ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਅਪੀਲ ਕੀਤੀ ਹੈ ਕਿ ਉਹ ਏਕਤਾ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਅਨੰਦਪੁਰ ਸਾਹਿਬ ਦੇ ਹਲਕੇ ਤੋਂ ਅਪਣਾ ਉਮੀਦਵਾਰ ਵਾਪਸ ਲੈ ਲੈਣ ਅਤੇ ਇਸ ਗਠਜੋੜ ਦਾ ਹਿੱਸਾ ਬਣ ਜਾਣ।