
ਸਾਬਕਾ ਸਿਟੀ ਕਾਂਗਰਸ ਪ੍ਰਧਾਨ 'ਤੇ ਦੋਸ਼ਾਂ ਵਾਲੀ ਆਡੀਉ ਵਾਇਰਲ
ਬਠਿੰਡਾ, 26 ਅਪ੍ਰੈਲ (ਸੁਖਜਿੰਦਰ ਮਾਨ): ਬਠਿੰਡਾ ਸ਼ਹਿਰ 'ਚ ਪਿਛਲੇ ਕੁੱਝ ਦਿਨਾਂ ਤੋਂ ਰਾਸ਼ਨ ਵੰਡ ਮੁਹਿੰਮ 'ਤੇ ਹੋ ਰਹੀ ਸਿਆਸਤ ਦੌਰਾਨ ਹੁਣ ਕਾਂਗਰਸੀਆਂ ਨੇ ਇਕ-ਦੂਜੇ 'ਤੇ ਤੋਹਮਤਾਂ ਲਗਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਆਡੀਉ ਵਿਚ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਜਦੀਕੀ ਮੰਨੇ ਜਾਣ ਵਾਲੇ ਇਕ ਕਾਂਗਰਸੀ ਆਗੂ ਨੇ ਸਿਟੀ ਕਾਂਗਰਸ ਦੇ ਸਾਬਕਾ 'ਪ੍ਰਧਾਨ' ਉਪਰ ਕਈ ਤਰ੍ਹਾਂ ਦੇ ਦੋਸ਼ਾਂ ਦੀ ਝੜੀ ਲਗਾਈ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਇਸ ਆਡੀਉ ਨੂੰ ਲੈ ਕੇ ਕਾਂਗਰਸ ਦੀ ਅੰਦਰੂਨੀ ਤੇ ਬਾਹਰਲੀ ਸਿਆਸਤ ਤੇਜ਼ ਹੋ ਸਕਦੀ ਹੈ।
ਉਕਤ ਸਾਬਕਾ ਪ੍ਰਧਾਨ ਵਿਤ ਮੰਤਰੀ ਦੇ ਕਾਫ਼ੀ ਨਜ਼ਦੀਕੀ ਮੰਨਿਆ ਜਾਂਦਾ ਹੈ। ਵਾਇਰਲ ਆਡੀਉ ਰਾਹੀ ਕਾਂਗਰਸੀ ਆਗੂ ਹਰੀ ਓਮ ਠਾਕੁਰ ਨੇ ਪ੍ਰਧਾਨ ਅਸੋਕ ਕੁਮਾਰ 'ਤੇ ਜਾਣਬੁੱਝ ਕੇ ਬੇਇੱਜਤੀ ਕਰਨ ਅਤੇ ਅਪਣੇ ਚਹੇਤਿਆਂ ਨੂੰ ਰਾਸ਼ਨ ਵੰਡਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਅਪਣੀ ਆਡੀਉ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਜਿੰਨ੍ਹਾਂ ਗਲੀਆਂ 'ਚ ਉਹ ਅਤੇ ਬਲਵੀਰ ਸਿੰਘ ਤੇ ਮਨਜੀਤ ਕੌਰ ਆਦਿ ਦੀ ਟੀਮ ਪੂਰੀ ਨਿਰਪੱਖਤਾ ਨਾਲ ਰਾਸ਼ਨ ਵੰਡ ਰਹੀ ਸੀ, ਉਥੇ ਅਸੋਕ ਕੁਮਾਰ ਵਲੋਂ ਜਬਰਦਸਤੀ ਦਖਲਅੰਦਾਜ਼ੀ ਕੀਤੀ ਗਈ।
ਇਸਤੋਂ ਇਲਾਵਾ ਉਨ੍ਹਾਂ ਬੰਦਿਆਂ ਦੀ ਮੱਦਦ ਕੀਤੀ ਗਈ, ਜਿੰਨ੍ਹਾਂ ਕਰਫ਼ਿਊ ਦੌਰਾਨ ਕਾਂਗਰਸ ਸਰਕਾਰ ਦੀ ਮੱਦਦ ਨਾਲ ਪਾਸ ਬਣਾ ਕੇ ਮਹਿੰਗੇ ਭਾਅ 'ਤੇ ਸਬਜ਼ੀ ਵੇਚੀ। ਇਸ ਆਡੀਉ 'ਚ ਹਰੀ ਓਮ ਨੇ ਸਿੱਧੇ ਤੌਰ 'ਤੇ ਅਸੋਕ ਪ੍ਰਧਾਨ ਨਸੀਹਤ ਦਿੰਦਿਆਂ ਕਿਹਾ ਕਿ ਵੱਡੇ ਹੋਣ ਲਈ ਵੱਡਿਆਂ ਵਾਲਾ ਫ਼ਰਜ਼ ਵੀ ਨਿਭਾਉਣਾ ਪੈਂਦਾ ਹੈ। ਉਨ੍ਹਾਂ ਅਸਿੱਧੇ ਢੰਗ ਨਾਲ ਵਿਤ ਮੰਤਰੀ ਦੀ ਟੀਮ ਨੂੰ ਉਕਤ ਆਗੂ ਦਾ ਵਿਵਹਾਰ ਠੀਕ ਕਰਨ ਦਾ ਇਸ਼ਾਰਾ ਕਰਦਿਆਂ ਇਹ ਵੀ ਐਲਾਨ ਕਰ ਦਿਤਾ ਕਿ ਬਠਿੰਡਾ ਸ਼ਹਿਰ ਵਿਚੋਂ ਵੋਟਾਂ ਇਕੱਲੇ ਅਸੋਕ ਪ੍ਰਧਾਨ ਨੇ ਹੀ ਨਹੀਂ ਪਵਾਉਣੀਆਂ, ਬਲਕਿ ਇਸਦੇ ਲਈ ਪੂਰੇ 3000 ਮੈਂਬਰਾਂ ਦੀ ਟੀਮ ਦੀ ਜ਼ਰੂਰਤ ਹੁੰਦੀ ਹੈ।
ਉਧਰ ਇਸ ਆਡੀਓ ਬਾਰੇ ਸੰਪਰਕ ਕਰਨ 'ਤੇ ਹਰੀ ਓਮ ਠਾਕੁਰ ਦਾ ਫ਼ੋਨ ਬੰਦ ਆਇਆ ਜਦੋਂਕਿ ਅਸੋਕ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦਾ ਅਨੁਸਾਸਤ ਸਿਪਾਹੀ ਹੈ ਤੇ ਜਿੱਥੇ ਉਸ ਦੀ ਡਿਊਟੀ ਲਗਾਈ ਜਾਂਦੀ ਹੈ, ਉਹ ਉਥੇ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰੀ ਓਮ ਵਲੋਂ ਕਿਸੇ ਹੋਰ ਵਾਰਡ ਵਿਚ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਸੀ ਤੇ ਉਥੇ ਸਥਾਨਕ ਵਰਕਰ ਖ਼ੁਦ ਵੰਡਣਾ ਚਾਹੁੰਦੇ ਸਨ।