
ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਰੂਪਨਗਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸ਼ਬਦੀ ਵਾਰ ਕੀਤੇ।
ਰੂਪਨਗਰ: ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਰੂਪਨਗਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਸਿੱਧੂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਪੀਲੀ ਪੱਗ ਬੰਨ੍ਹ ਕੇ ਅਪਣੀ ਜਾਨ ਦੇਸ਼ ਉੱਤੇ ਵਾਰ ਦਿੱਤੀ ਸੀ ਪਰ ਭਗਵੰਤ ਮਾਨ ਨੇ ਪੀਲੀ ਪੱਗ ਬੰਨ੍ਹ ਕੇ ਪੰਜਾਬ ਨੂੰ ਗੁਲਾਮ ਬਣਾ ਦਿੱਤਾ। ਯੂਟੀ ਨਾਲ ਸਮਝੌਤਾ ਕਰਕੇ ਭਗਵੰਤ ਮਾਨ ਨੇ ਪੰਜਾਬ ਨੂੰ ਕੇਜਰੀਵਾਲ ਦੇ ਕਦਮਾਂ 'ਚ ਗਿਹਣੇ ਰੱਖ ਦਿੱਤਾ।
ਉਹਨਾਂ ਕਿਹਾ ਕਿ ‘ਆਪ’ ਸੁਪਰੀਮੋ ਖਿਲਾਫ਼ ਸੱਚ ਦੀ ਆਵਾਜ਼ ਨੂੰ ਦੱਬਣ ਲਈ ਧੀਆਂ ਪੈਣਾਂ ਦੇ ਕੇਸ ਬਣਾ ਦਿੱਤੇ ਗਏ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਉਹ ਕੇਜਰੀਵਾਲ ਦੇ ‘ਸੰਤਰੀ’ ਬਣ ਗਏ ਹਨ। ਉਹਨਾਂ ਕਿਹਾ ਕਿ ਮੈਂ ਅੱਜ ਤੋਂ ਭਗਵੰਤ ਮਾਨ ਦਾ ਨਾਂਅ 'ਐਲਾਨਵੰਤ' ਰੱਖ ਦਿੱਤਾ।
ਸਿੱਧੂ ਨੇ ਸਵਾਲ ਕੀਤਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤਾ, ਕੀ ਉਸ ਦਾ ਨੋਟੀਫਿਕੇਸ਼ਨ ਆਇਆ? ਬਰਗਾੜੀ ਦਾ ਇਨਸਾਫ 24 ਘੰਟਿਆਂ 'ਚ ਕਿਉਂ ਨਹੀਂ ਮਿਲਿਆ? ਹਰੀ ਸਿਆਹੀ ਵਾਲੀ ਕਲਮ ਕਿੱਥੇ ਹੈ? ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਸਰਕਾਰ ਚਲਾਉਣੀ ਨਹੀਂ ਸੀ ਆਉਂਦੀ ਤਾਂ ਤੁਸੀਂ ਪੰਜਾਬ ਨੂੰ ਇਹ ਦਿਨ ਕਿਉਂ ਦਿਖਾਇਆ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕੱਲ੍ਹ ਪੰਜਾਬ ਅਤੇ ਦਿੱਲੀ ਸਰਕਾਰ ਦੇ ਗਿਆਨ ਵੰਡ ਸਮਝੌਤੇ 'ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਸਿੱਧੂ ’ਤੇ ਤੰਜ਼ ਕੱਸਿਆ ਸੀ ਕਿ ਪਹਿਲਾਂ ਉਹ ਆਪਣੇ ਧੜੇ ਨੂੰ ਕਾਂਗਰਸ ਤੋਂ ਮਾਨਤਾ ਦਿਵਾਉਣ।