
ਸ਼ਾਹਕੋਟ ਵਿਧਾਨ ਸਭਾ ਸੀਟ ਦੇ 244 ਪਿੰਡਾਂ ਵਿਚ ਜ਼ਿਮਨੀ ਚੋਣ ਲਈ ਦੋ ਹਫ਼ਤੇ ਤੋਂ ਹੋ ਰਿਹਾ ਖੁਲ੍ਹਾ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਗਿਆ ਅਤੇ ਚੋਣ ਕਮਿਸ਼ਨ ਦੀਆਂ ...
ਸ਼ਾਹਕੋਟ ਵਿਧਾਨ ਸਭਾ ਸੀਟ ਦੇ 244 ਪਿੰਡਾਂ ਵਿਚ ਜ਼ਿਮਨੀ ਚੋਣ ਲਈ ਦੋ ਹਫ਼ਤੇ ਤੋਂ ਹੋ ਰਿਹਾ ਖੁਲ੍ਹਾ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਗਿਆ ਅਤੇ ਚੋਣ ਕਮਿਸ਼ਨ ਦੀਆਂ 25 ਟੀਮਾਂ ਨੇ ਸ਼ਾਹਕੋਟ, ਲੋਹੀਆਂ, ਮਹਿਤਪੁਰ, ਮਲਸੀਆਂ ਵਰਗੇ ਵੱਡੇ ਪਿੰਡਾਂ, ਕਸਬਿਆਂ ਦੇ ਹੋਟਲਾਂ ਅਤੇ ਰਿਹਾਇਸ਼ੀ ਥਾਵਾਂ ਦੀ ਚੈਕਿੰਗ ਕਰ ਕੇ ਸੈਂਕੜੇ ਸਿਆਸੀ ਨੇਤਾ, ਚੋਣ ਪ੍ਰਚਾਰਕ, ਵਰਕਰ, ਪਾਰਟੀ ਹਿਤੈਸ਼ੀ, ਗ਼ੈਰ ਵੋਟਰਾਂ ਨੂੰ ਹਲਕੇ ਤੋਂ ਬਾਹਰ ਕੱਢ ਦਿਤਾ ਹੈ। ਅੱਗੋਂ ਹੁਣ ਚੁਪ-ਚਪੀਤੇ, ਘਰੋਂ-ਘਰੀਂ ਵੋਟਰਾਂ ਨਾਲ ਸੰਪਰਕ ਚਲਦਾ ਰਹੇਗਾ ਪਰ ਲਾਊਡ-ਸਪੀਕਰਾਂ, ਰੈਲੀਆਂ, ਬੈਠਕਾਂ ਜਾਂ ਮੀਟਿੰਗਾਂ 'ਤੇ ਪਾਬੰਦੀ ਲੱਗ ਗਈ ਹੈ।
ਅੱਜ ਇਥੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੇ ਸੀਨੀਅਰ ਆਈਏਐਸ ਅਫ਼ਸਰ ਡਾ. ਐਸ ਕਰਨਾ ਰਾਜੂ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਅਕਾਲੀ ਦਲ ਦੇ ਡਾ. ਦਲਜੀਤ ਚੀਮਾ, ਭਾਜਪਾ ਦੇ ਡੀ ਐਲ ਚੁਘ, ਆਮ ਆਦਮੀ ਪਾਰਟੀ ਦੇ ਜਸਤੇਜ ਸਿੰਘ ਤੇ ਕਾਂਗਰਸ ਦੇ ਨੁਮਾਇੰਦੇ ਨਾਲ ਬੈਠਕ ਅੱਜ ਹੋਈ ਹੈ ਅਤੇ ਪੁਖਤਾ ਪ੍ਰਬੰਧਾਂ ਦੀ ਜਾਣਕਾਰੀ ਦੇ ਦਿਤੀ ਹੈ।
ਡਾ. ਰਾਜੂ ਨੇ ਦਸਿਆ ਕਿ 1,72,676 ਕੁਲ ਵੋਟਾਂ ਵਾਲੇ ਇਸ ਹਲਕੇ ਵਿਚ 236 ਪੋਲਿੰਗ ਬੂਥ ਸਥਾਪਤ ਕੀਤੇ ਹਨ, ਬੀਐਸਐਫ਼ ਦੀਆਂ ਛੇ ਕੰਪਨੀਆਂ ਦੇ 600 ਜਵਾਨ, ਅਫ਼ਸਰ ਤੈਨਾਤ ਕੀਤੇ ਹਨ ਜਦਕਿ ਇੰਨੇ ਹੀ ਪੰਜਾਬ ਪੁਲਿਸ ਦੇ ਕਰਮਚਾਰੀ ਤੇ 1416 ਸਿਵਲ ਸਟਾਫ਼ ਲਾਇਆ ਗਿਆ ਹੈ। ਹਰ ਪੋਲਿੰਗ ਬੂਥ 'ਤੇ ਵੀਵੀਪੈਟ ਯੁਕਤ ਈਵੀਐਮ ਸੈੱਟ ਕੀਤੀ ਗਈ ਹੈ ਜਿਸ ਤੋਂ ਵੋਟਰ ਖ਼ੁਦ ਅਪਣੀ ਵੋਟ ਦੀ ਵਰਤੋਂ ਦੀ ਪੁਸ਼ਟੀ ਕਰ ਸਕਦਾ ਹੈ।
ਇਕ ਜਨਰਲ ਆਬਜ਼ਰਵਰ, ਇਕ ਖ਼ਰਚਾ ਆਬਜ਼ਰਵਰ ਅਤੇ 80 ਮਾਈਕਰੋ ਆਬਜ਼ਰਵਰ ਪੰਜਾਬ ਤੋਂ ਬਾਹਰੋਂ, ਕੇਂਦਰੀ ਅਧਿਕਾਰੀ ਤੈਨਾਤ ਕੀਤੇ ਹਨ। ਕੁਲ 103 ਪੋਲਿੰਗ ਸਟੇਸ਼ਨਾਂ ਦੀ ਸਿੱਧੀ, ਲਾਈਵ ਕਵਰੇਜ ਦਾ ਪ੍ਰਬੰਧ ਕੈਮਰਿਆਂ ਰਾਹੀਂ ਕੀਤਾ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਥਾਂ-ਥਾਂ 'ਤੇ ਸੁਰੱਖਿਆ ਨਾਕੇ ਲਾਏ ਹਨ, ਹੁਣ ਤਕ 17.5 ਲੱਖ ਕੈਸ਼ ਫੜਿਆ ਹੈ, 2005 ਲਾਈਸੈਂਸਸ਼ੁਦਾ ਹਥਿਆਰ ਜਮ੍ਹਾਂ ਕਰਵਾਏ, 45750 ਮਿਲੀਲਿਟਰ ਸ਼ਰਾਬ ਫੜੀ ਅਤੇ ਸਿਆਸੀ ਜਥੇਬੰਦੀਆਂ ਵਲੋਂ ਦਰਜ 31 ਸ਼ਿਕਾਇਤਾਂ ਵਿਚੋਂ 18 ਦਾ ਫ਼ੈਸਲਾ ਤੇ ਤਫ਼ਤੀਸ਼ ਕਰ ਲਈ ਹੈ।
ਅੱਜ ਸ਼ਾਮ ਤੋਂ ਸ਼ਰਾਬ ਦੇ ਠੇਕੇ ਬੰਦ ਕਰ ਦਿਤੇ ਹਨ ਅਤੇ ਸੋਮਵਾਰ ਨੂੰ ਸ਼ਾਹਕੋਟ ਹਲਕੇ ਦੇ ਸਕੂਲ, ਕਾਲਜ, ਵਿਦਿਅਕ ਤੇ ਪ੍ਰਾਈਵੇਟ ਅਦਾਰੇ ਬੰਦ ਕਰਨ ਦੇ ਹੁਕਮ ਦਿਤੇ ਹਨ। ਸ਼ਾਹਕੋਟ ਦੇ ਜਿਹੜੇ ਵੋਟਰ ਜਲੰਧਰ ਜਾਂ ਹੋਰ ਸ਼ਹਿਰਾਂ ਵਿਚ ਨੌਕਰੀ ਕਰਦੇ ਹਨ, ਨੂੰ ਵੀ ਵਿਸ਼ੇਸ਼ ਛੁੱਟੀ ਲੈਣ ਦਾ ਅਧਿਕਾਰ ਹੈ। ਡਾ. ਕਰਨਾ ਰਾਜੂ ਨੇ ਦਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਨੇ ਹੋਰ ਅਧਿਕਾਰੀਆਂ ਸਮੇਤ ਇਸ ਹਲਕੇ ਦੇ ਸੰਭਾਵੀ ਨਾਜ਼ੁਕ ਥਾਵਾਂ ਦਾ ਦੌਰਾ ਕਰ ਕੇ ਖ਼ੁਦ ਸੁਰੱਖਿਆ ਦਾ ਜਾਇਜ਼ਾ ਲਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਵੋਟਾਂ ਪਾਉਣ ਲਈ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਦਾ ਸਮਾਂ ਰਖਿਆ ਗਿਆ ਹੈ ਕਿਉਂਕਿ ਵੀਵੀਪੈਟ ਸਿਸਟਮ ਨਾਲ ਹਰ ਵੋਟਰ ਨੂੰ ਛੇ ਤੋਂ ਅੱਠ ਸਕਿੰਟ ਵਾਧੂ ਲੱਗ ਸਕਦੇ ਹਨ। ਸੋਮਵਾਰ 28 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ 31 ਮਈ ਬੁਧਵਾਰ ਨੂੰ ਸਵੇਰੇ ਅੱਠ ਵਜੇ ਤੋਂ ਹੋਵੇਗੀ। ਚੋਣ ਮੈਦਾਨ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਲਾਡੀ, ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ, ਆਮ ਆਦਮੀ ਪਾਰਟੀ ਦੇ ਰਤਨ ਸਿੰਘ ਤੋਂ ਇਲਾਵਾ 9 ਹੋਰ ਉਮੀਦਵਾਰ ਅਪਣੀ ਕਿਸਮਤ ਅਜਮਾਇਸ਼ੀ ਕਰ ਰਹੇ ਹਨ।