
'ਸਰਕਾਰ ਕਹਿ ਰਹੀ ਹੈ ਕਿ ਉਹ ਇਕ ਫ਼ੋਨ ਕਾਲ ਦੀ ਦੂਰੀ 'ਤੇ ਹੈ
ਪਰ ਸਾਨੂੰ ਚਾਰ ਮਹੀਨਿਆਂ ਤੋਂ ਨੰਬਰ ਹੀ ਨਹੀਂ ਮਿਲਿਆ'
ਨਵੀਂ ਦਿੱਲੀ, 26 ਮਈ : ਕਿਸਾਨੀ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ਅਤੇ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਰਵਈਏ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਾਲੀ ਪੱਗ ਬੰਨ੍ਹ ਕੇ ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ |
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਉਹ ਕਿਸਾਨਾਂ ਤੋਂ ਸਿਰਫ਼ ਇਕ ਫ਼ੋਨ ਕਾਲ ਦੀ ਦੂਰੀ 'ਤੇ ਹੈ ਪਰ ਸਾਨੂੰ ਚਾਰ ਮਹੀਨਿਆਂ ਤੋਂ ਕੋਈ ਨੰਬਰ ਹੀ ਨਹੀਂ ਮਿਲਿਆ | ਕਿਸਾਨ ਆਗੂ ਨੇ ਕਿਹਾ ਕਿ ਅਸੀਂ ਫਿਰ ਤੋਂ ਕੇਂਦਰ ਨੂੰ ਗੱਲਬਾਤ ਲਈ ਚਿੱਠੀ ਲਿਖੀ ਹੈ | ਹੁਣ ਜਦੋਂ ਸਰਕਾਰ ਗੱਲ ਕਰੇਗੀ, ਉਦੋਂ ਦੇਖਾਂਗੇ | ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ
ਕਿਸੇ ਵੀ
ਕੀਮਤ 'ਤੇ ਝੁਕਣ ਵਾਲੇ ਨਹੀਂ | ਇਹ ਅੰਦੋਲਨ ਕਿਸਾਨਾਂ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਹੈ ਤੇ ਕਿਸਾਨ ਕਾਨੂੰਨ ਰੱਦ ਕਰਵਾ ਕੇ ਹੀ ਇਥੋਂ ਜਾਣਗੇ |
ਜ਼ਿਕਰਯੋਗ ਹੈ ਕਿ 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਦੇਸ਼-ਵਿਆਪੀ ਅੰਦੋਲਨ ਦੌਰਾਨ ਕਿਸਾਨ ਕੇਂਦਰ-ਸਰਕਾਰ ਦੇ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ ਐਮ.ਐਸ.ਪੀ 'ਤੇ ਕਾਨੂੰਨ ਬਣਵਾਉਣ ਲਈ ਲਗਾਤਾਰ ਡਟੇ ਹੋਏ ਹਨ | ਇਸ ਦੌਰਾਨ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਅੱਜ ਕਾਲਾ ਦਿਵਸ ਮਨਾਉਣ ਦਾ ਸੱਦਾ ਦਿਤਾ ਗਿਆ ਸੀ | ਆਮ ਲੋਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਨੇ ਵੀ ਕਿਸਾਨਾਂ ਦੇ ਸੱਦੇ ਦਾ ਸਮਰਥਨ ਕੀਤਾ | (ਏਜੰਸੀ)