
ਅੱਜ ਅੰਤਰਰਾਸ਼ਟਰੀ ਨਸ਼ਾ ਬੁਰਾਈ ਅਤੇ ਗ਼ੈਰਕਾਨੂੰਨੀ ਕਾਰੋਬਾਰ ਵਿਰੋਧੀ ਦਿਵਸ ਮੌਕੇ ਜਿਥੇ ਜ਼ਿਲ੍ਹਾ ਲੁਧਿਆਣਾ ਵਿਚ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ.....
ਲੁਧਿਆਣਾ : ਅੱਜ ਅੰਤਰਰਾਸ਼ਟਰੀ ਨਸ਼ਾ ਬੁਰਾਈ ਅਤੇ ਗ਼ੈਰਕਾਨੂੰਨੀ ਕਾਰੋਬਾਰ ਵਿਰੋਧੀ ਦਿਵਸ ਮੌਕੇ ਜਿਥੇ ਜ਼ਿਲ੍ਹਾ ਲੁਧਿਆਣਾ ਵਿਚ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਸਮਾਗਮ ਕਰਵਾਏ ਗਏ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਖੇਡ ਵਿਭਾਗ, ਪੰਜਾਬ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਸਟੇਡੀਅਮ ਦੇ ਬਾਹਰੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ ਵਿਚ ਖ਼ਿਡਾਰੀਆਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਰੈਲੀ ਨੂੰ ਲੁਧਿਆਣਾ (ਪਛਮੀ) ਦੇ ਐਸ.ਡੀ.ਐਮ. ਦਮਨਜੀਤ ਸਿੰਘ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਰੈਲੀ ਦੀ ਅਗਵਾਈ ਕੀਤੀ।
ਇਹ ਰੈਲੀ ਫੁਹਾਰਾ ਚੌਕ, ਮਾਲ ਰੋਡ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਰ ਹੁੰਦੀ ਹੋਈ ਮੁੜ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਪਤ ਹੋਈ। ਰੈਲੀ ਦੌਰਾਨ ਬੱਚਿਆਂ ਅਤੇ ਖ਼ਿਡਾਰੀਆਂ ਨੇ ਅਪਣੇ ਹੱਥਾਂ ਵਿਚ ਨਸ਼ਾ ਵਿਰੋਧੀ ਤੁਕਾਂ ਵਾਲੇ ਬੈਨਰ ਚੁੱਕੇ ਹੋਏ ਸਨ। ਰੈਲੀ ਵਿਚ ਭਾਗ ਲੈਣ ਵਾਲਿਆਂ ਵਲੋਂ ਰਾਹਗੀਰਾਂ ਨੂੰ ਨਸ਼ਾ ਤਿਆਗਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿਤਾ ਜਾ ਰਿਹਾ ਸੀ।
ਰੈਲੀ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਹਰ ਤਰ੍ਹਾਂ ਦਾ ਨਸ਼ਾ (ਜਿਸ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਹੁੰਦਾ ਹੈ) ਕਰਨਾ ਅਤੇ ਇਸ ਦੀ ਤਸਕਰੀ ਇਕ ਸੱਭਿਅਕ ਸਮਾਜ 'ਤੇ ਕਲੰਕ ਹੈ। ਨਸ਼ਾ ਜਿਥੇ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ, ਉਥੇ ਇਸ ਨਾਲ ਸਾਡੇ ਦੇਸ਼ ਦਾ ਭਵਿੱਖ ਵੀ ਧੁੰਦਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੀੜ੍ਹੀ ਹੀ ਇਸ ਦੀ ਗ੍ਰਿਫ਼ਤ ਵਿਚ ਆ ਕੇ ਅਪਣਾ ਜੀਵਨ ਨਸ਼ਟ ਕਰ ਲਵੇਗੀ ਤਾਂ ਦੇਸ਼ ਨੂੰ ਚਲਾਉਣ ਲਈ ਕੌਣ ਅੱਗੇ ਆਵੇਗਾ।