
ਯੂਟੀ ਪ੍ਰਸ਼ਾਸਨ ਨੇ ਵੱਖ ਵੱਖ ਸੇਵਾਵਾਂ ‘ਤੇ ਗਊ ਟੈਕਸ ਲਗਾਉਣ ਲਈ ਨਗਰ ਨਿਗਮ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਵੱਖ ਵੱਖ ਸੇਵਾਵਾਂ ‘ਤੇ ਗਊ ਟੈਕਸ ਲਗਾਉਣ ਲਈ ਨਗਰ ਨਿਗਮ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੈਕਸ ਲਗਾਉਣ ਨਾਲ ਬਿਜਲੀ, ਵਾਹਨ ਅਤੇ ਸ਼ਰਾਬ ਲਈ ਜ਼ਿਆਦਾ ਕੀਮਤ ਦੇਣੀ ਪਵੇਗੀ। ਸੂਤਰਾਂ ਮੁਤਾਬਕ ਪੰਜਾਬ ਦੇ ਗਵਰਨਰ ਅਤੇ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਗਰ ਨਿਗਮ ਦੀ ਸਿਫ਼ਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
V P Singh Badnore
ਡਰਾਫਟ ਨਿਯਮਾਂ ‘ਤੇ ਸੁਝਾਅ ਅਤੇ ਇਤਰਾਜ਼ ਮੰਗਣ ਤੋਂ ਬਾਅਦ ਇਹ ਟੈਕਸ ਲਾਗੂ ਕਰ ਦਿੱਤਾ ਜਾਵੇਗਾ। ਨਗਰ ਨਿਗਮ ਨੇ ਇਹ ਟੈਕਸ ਲਗਾਉਣ ਦੀ ਸਿਫ਼ਾਰਿਸ਼ ਪਿਛਲੇ ਸਾਲ ਜੁਲਾਈ ਵਿਚ ਕੀਤੀ ਸੀ। ਪੇਸ਼ਕਸ਼ ਅਨੁਸਾਰ ਕਾਰ ਜੀਪ ਖਰੀਦਣ ‘ਤੇ ਲੋਕਾਂ ਨੂੰ 500 ਰੁਪਏ ਅਤੇ ਦੁਪਹੀਆ ਲੈਣ ਲਈ 200 ਰੁਪਏ ਦਾ ਟੈਕਸ ਦੇਣਾ ਪਵੇਗਾ। ਉਥੇ ਹੀ ਬਿਜਲੀ ਖ਼ਪਤਕਾਰਾਂ ਨੂੰ 2 ਪੈਸੇ ਪ੍ਰਤੀ ਯੂਨਿਟ ਟੈਕਸ ਦੇਣਾ ਪਵੇਗਾ। ਚੰਡੀਗੜ੍ਹ ਵਿਚ ਕਰੀਬ 2 ਲੱਖ ਬਿਜਲੀ ਖ਼ਪਤਕਾਰ ਹਨ। ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਇਹ ਟੈਕਸ ਲਗਾਇਆ ਜਾਵੇਗਾ। ਦੇਸੀ ਸ਼ਰਾਬ ਅਤੇ ਬੀਅਰ ਦੀ ਹਰ ਬੋਤਲ ‘ਤੇ 5 ਰੁਪਏ ਜਦਕਿ ਵਿਸਕੀ ‘ਤੇ 10 ਰੁਪਏ ਟੈਕਸ ਦੇਣਾ ਹੋਵੇਗਾ।
Cow
ਬਿਜਲੀ ਵਿਭਾਗ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅਤੇ ਆਰਐਲਏ ਇਹ ਟੈਕਸ ਇਕੱਠਾ ਕਰ ਰੇ ਨਗਰ ਨਿਗਮ ਨੂੰ ਦੇਣਗੇ। ਇਸ ਪੈਸੇ ਦੀ ਵਰਤੋਂ ਲਾਵਾਰਿਸ ਗਾਵਾਂ ਲਈ ਕੀਤੀ ਜਾਵੇਗੀ। ਨਗਰ ਨਿਗਮ ਦੀਆਂ 3 ਗਊਸ਼ਾਲਾਵਾਂ ਹਨ। ਨਿਗਮ ਦੇ ਮੈਂਬਰਾਂ ਨੇ ਸ਼ਹਿਰ ਦੀਆਂ ਸੜਕਾਂ ਨੂੰ ਪਸ਼ੂਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਸ਼ਰਤ ‘ਤੇ ਇਹ ਟੈਕਸ ਲਗਾਉਣ ‘ਤੇ ਸਹਿਮਤੀ ਦਿੱਤੀ ਸੀ। ਕਾਂਗਰਸ ਆਗੂ ਦਵਿੰਦਰ ਸਿੰਘ ਬਬਲਾ ਨੇ ਇਹ ਕਹਿੰਦੇ ਹੋਏ ਇਸ ਦਾ ਵਿਰੋਧ ਕੀਤਾ ਸੀ ਕਿ ਬਿਜਲੀ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹਨ।