
ਸਰਹੱਦੀ ਸ਼ਹਿਰ ਫਿਰੋਜ਼ਪੁਰ ਅੰਦਰ ਰਸੋਈ ਗੈਸ ਸਿਲੰਡਰਾਂ ਦੀ ਢੋਆ-ਢੋਆਈ ਲਈ ਮੋਟਰ ਸਾਈਕਲ ਤੋਂ ਤਿਆਰ ਕੀਤੇ
ਫਿਰੋਜ਼ਪੁਰ : ਸਰਹੱਦੀ ਸ਼ਹਿਰ ਫਿਰੋਜ਼ਪੁਰ ਅੰਦਰ ਰਸੋਈ ਗੈਸ ਸਿਲੰਡਰਾਂ ਦੀ ਢੋਆ-ਢੋਆਈ ਲਈ ਮੋਟਰ ਸਾਈਕਲ ਤੋਂ ਤਿਆਰ ਕੀਤੇ ਜੁਗਾੜੂ ਵਾਹਨ ਸ਼ਰੇਆਮ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਜ਼ਿਲ੍ਹਾ ਟਰਾਂਸਪੋਰਟ ਵਿਭਾਗ, ਫ਼ੂਡ ਸਪਲਾਈ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਇਸ ਸਭ ਨੂੰ ਅਣਗੌਲਿਆ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਸ਼ਹਿਰ ਛਾਉਣੀ ਅੰਦਰ ਕੁੱਲ ਅੱਠ ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ।
Overload Vehicle In Punjab
ਉਕਤ ਗੈਸ ਏਜੰਸੀਆਂ ਵਲੋਂ ਖਪਤਕਾਰਾਂ ਨੂੰ ਲਗਭਗ 65 ਤੋਂ 70 ਹਜ਼ਾਰ ਰਸੋਈ ਗੈਸ ਕੁਨੈਕਸ਼ਨ ਜਾਰੀ ਕੀਤੇ ਹੋਏ ਹਨ। ਰਸੋਈ ਗੈਸ ਸਿਲੰਡਰ ਦੀ ਢੋਆ ਢੁਆਈ ਕਰਨ ਲਈ ਹਰੇਕ ਗੈਸ ਏਜੰਸੀ ਵਲੋਂ 7/8 ਮੋਟਰਸਾਈਕਲ ਵਾਲੇ ਜੁਗਾੜੂ ਵਾਹਨ ਤਿਆਰ ਕਰਵਾਏ ਹੋਏ ਹਨ, ਜੋ ਕਿ ਗਲੀਆਂ ਮੁਹੱਲਿਆਂ ਬਾਜ਼ਾਰਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਬਿਨ੍ਹਾਂ ਕਿਸੇ ਰੋਕ ਟੋਕ ਤੇ ਲੋਕਾਂ ਦੀ ਜਾਨ ਜੋਖ਼ਮ ਵਿਚ ਪਾ ਰਹੇ ਹਨ। ਜੇਕਰ ਇਨ੍ਹਾਂ ਰਸੋਈ ਗੈਸ ਨਾਲ ਲੱਦੇ ਜੁਗਾੜੂ ਵਾਹਨਾਂ ਕਾਰਨ ਹਾਦਸਾ ਵਾਪਰਦਾ ਹੈ ਤਾਂ ਜਾਨੀ ਮਾਲੀ ਨੁਕਸਾਨ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੋਵੇਗਾ।
Overload Vehicle In Punjab
ਭਾਵੇ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕ ਹਿੱਤਾ ਖਾਤਿਰ ਸਮੇਂ ਸਮੇਂ 'ਤੇ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ, ਪਰ ਰਸੋਈ ਗੈਸ ਨਾਲ ਲੱਦੇ ਇਨ੍ਹਾਂ ਜੁਗਾੜੂ ਵਾਹਨਾਂ ਪ੍ਰਤੀ ਪ੍ਰਸ਼ਾਸ਼ਨ ਬੇਖ਼ਬਰ ਹੈ ਜਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਇਸ ਸਬੰਧੀ ਫ਼ੂਡ ਸਪਲਾਈ ਵਿਭਾਗ ਵਾਲੇ ਤਾਂ ਟਰਾਂਸਪੋਰਟ ਜਾਂ ਟ੍ਰੈਫਿਕ ਪੁਲਿਸ ਦਾ ਕੰਮ ਕਹਿ ਕੇ ਟਾਲਾ ਵੱਟ ਗਏ।
Overload Vehicle In Punjab
ਇਸ ਸਬੰਧੀ ਜਦੋਂ ਆਰ. ਟੀ. ਏ. ਫਿਰੋਜ਼ਪੁਰ ਤਰਲੋਚਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਇਸ ਸਬੰਧੀ ਹਦਾਇਤ ਕਰਨ ਦੀ ਗੱਲ ਆਖੀ। ਟ੍ਰੈਫਿਕ ਪੁਲਿਸ ਦੇ ਇਕ ਅਧਿਕਾਰੀ ਨੇ ਵੀ ਇਨ੍ਹਾਂ ਜੁਗਾੜੂ ਵਾਹਨਾਂ ਖਿਲਾਫ ਕਾਰਵਾਈ ਕਰਨ ਦਾ ਕਹਿ ਕੇ ਬੁੱਤਾ ਸਾਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ ਜਾਂ ਕਿਸੇ ਹਾਦਸੇ ਦੀ ਉਡੀਕ ਕਰਨਗੇ।