
ਪੰਜਾਬ ਦੇ ਉਦਯੋਗ ਵਿਭਾਗ ਨੇ ਕੋਵਿਡ-19 ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਉਦਯੋਗਾਂ ਨੂੰ ਮੁੜ ਲੀਹ 'ਤੇ
ਚੰਡੀਗੜ੍ਹ, 26 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਉਦਯੋਗ ਵਿਭਾਗ ਨੇ ਕੋਵਿਡ-19 ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਉਦਯੋਗਾਂ ਨੂੰ ਮੁੜ ਲੀਹ 'ਤੇ ਲਿਆਉਣ ਅਤੇ ਆਰਥਕ ਗਤੀਵਿਧੀਆਂ ਦੀ ਛੇਤੀ ਤੇ ਸੁਰੱਖਿਅਤ ਬਹਾਲੀ ਕਰਨ ਨੂੰ ਯਕੀਨੀ ਬਣਾਉਣ ਲਈ ਕਈ ਮਿਸਾਲੀ ਕਦਮ ਚੁਕੇ ਹਨ ਤਾਂ ਜੋ ਉਦਯੋਗਾਂ ਨੂੰ ਪੁਨਰ ਸੁਰਜੀਤ ਕੀਤਾ ਜਾ ਸਕੇ।
ਇਹ ਜਾਣਕਾਰੀ ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੱਖ-ਵੱਖ ਉਦਯੋਗਿਕ ਘਰਾਣਿਆਂ ਦੁਆਰਾ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਅਤੇ ਮਹਾਂਮਾਰੀ ਵਿਰੁਧ ਲੜਨ ਲਈ ਪੀ.ਪੀ.ਈਜ਼ ਦੇ ਉਤਪਾਦਨ ਵਿਚ ਮਹੱਤਵਪੂਰਣ ਸਹਿਯੋਗ ਨੂੰ ਦਰਸਾਉਂਦਿਆਂ ਦਿਤੀ। ਆਰਥਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਵਿਚ ਉਦਯੋਗਾਂ 'ਤੇ ਪੂਰਨ ਵਿਸ਼ਵਾਸ ਜ਼ਾਹਰ ਕਰਦਿਆਂ ਅਰੋੜਾ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਵਿਡ 19 ਮਹਾਂਮਾਰੀ ਅਤੇ ਇਸ ਦੇ ਨਤੀਜੇ ਵਜੋਂ ਹੋਈ ਤਾਲਾਬੰਦੀ ਨੇ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਕਾਫ਼ੀ ਪ੍ਰਭਾਵਤ ਕੀਤਾ ਅਤੇ ਇਸ ਨਾਲ ਵਿਸ਼ਵ-ਵਿਆਪੀ ਆਰਥਕਤਾ 'ਤੇ ਵੀ ਅਸਰ ਪਿਆ।
ਵਿਸ਼ਵ-ਵਿਆਪੀ ਪ੍ਰਭਾਵ ਹੋਣ ਕਰ ਕੇ ਪੰਜਾਬ ਇਸ ਤੋਂ ਬਚਿਆ ਨਹੀਂ ਸੀ ਰਹਿ ਸਕਦਾ ਪਰ ਅਸੀਂ, ਸੂਬੇ ਵਿਚ ਆਰਥਕ ਗਤੀਵਿਧੀਆਂ ਨੂੰ ਮੁੜ ਚਾਲੂ ਕਰਨ ਹਿਤ ਅਨੇਕਾਂ ਸਕਾਰਾਤਮਕ ਕਦਮ ਚੁਕੇ ਹਨ। ਕੋਵਿਡ 19 ਦੇ ਫੈਲਣ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਮਹਾਂਮਾਰੀ ਨਾਲ ਪੈਦਾ ਹੋਈਆਂ ਵਿਰਾਟ ਚੁਨੌਤੀਆਂ ਨੇ ਪੂਰੇ ਭਾਰਤ ਵਿੱਚ ਮੰਗ ਅਤੇ ਸਪਲਾਈ ਦੀ ਲੜੀ ਨੂੰ ਵਿਗਾੜ ਦਿਤਾ ਹੈ ਅਤੇ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹਵਾਬਾਜ਼ੀ ਖੇਤਰਾਂ ਨੂੰ ਮੌਜੂਦਾ ਸੰਕਟ ਦੌਰਾਨ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੀਨ ਤੋਂ ਕੱਚੇ ਮਾਲ ਦੀ ਸਪਲਾਈ ਵਿਚ ਦੇਰੀ ਕਾਰਨ ਉਤਪਾਦਨ ਖੇਤਰ ਦੇ ਕਈ ਉਦਯੋਗ ਜੋ ਚੀਨ 'ਤੇ ਅਪਣੀਆਂ ਉਤਪਾਦਨ ਸਬੰਧੀ ਜ਼ਰੂਰਤਾਂ ਲਈ ਨਿਰਭਰ ਕਰਦੇ ਹਨ, ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਵਾਹਨਾਂ, ਫ਼ਾਰਮਾਸੂਟੀਕਲਜ਼, ਇਲੈਕਟ੍ਰਾਨਿਕਸ, ਰਸਾਇਣਿਕ ਉਤਪਾਦਾਂ ਆਦਿ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਉਦਯੋਗ ਦੀ ਤਤਕਾਲੀ ਕਾਰਵਾਈ ਲਈ ਸ਼ਲਾਘਾ ਕਰਦਿਆਂ ਜਦੋਂ ਦੇਸ਼ ਨੂੰ ਸਰੀਰ ਢੱਕਣ ਅਤੇ ਐਨ-95 ਅਤੇ ਐਨ-99 ਮਾਸਕ ਵਰਗੇ ਨਿਜੀ ਬਚਾਅ ਉਪਕਰਣ (ਪੀ.ਪੀ.ਈ.) ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ, ਉਨਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ, ਵਿਸ਼ੇਸ਼ ਤੌਰ 'ਤੇ ਟੈਕਸਟਾਈਲ ਉਦਯੋਗ ਨੇ ਮਹਾਂਮਾਰੀ ਦੇ ਦੌਰਾਨ ਸਮੇਂ ਦੀ ਜ਼ਰੂਰਤ ਨੂੰ ਸਮਝਦਿਆਂ ਫ਼ੌਰੀ ਕਾਰਵਾਈ ਕੀਤੀ।