
ਹਾਈ ਕੋਰਟ ਨੇ ਚੌਥੀ ਵਾਰ ਪੈਰੋਲ ਦੀ ਅਰਜ਼ੀ ਰੱਦ ਕੀਤੀ
ਚੰਡੀਗੜ੍ਹ : ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਮਾਮਲੇ 'ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਜੇਲ 'ਚੋਂ ਬਾਹਰ ਆਉਣ ਲਈ ਤੜਪ ਰਿਹਾ ਹੈ। ਸੌਦਾ ਸਾਧ ਨੇ ਅੱਜ ਪੰਜਾਬ-ਹਰਿਆਣਾ ਹਾਈ ਕੋਰਟ 'ਚ ਆਪਣੀ ਪੈਰੋਲ ਦੀ ਚੌਥੀ ਅਰਜ਼ੀ ਪਾਈ ਸੀ। ਇਸ ਨੂੰ ਅਦਾਲਤ ਨੇ ਇਸ ਵਾਰ ਵੀ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਕਾਨੂੰਨੀ ਵਿਵਸਥਾ ਨੂੰ ਵੇਖਦੇ ਹੋਏ ਸੌਦਾ ਸਾਧ ਦੀ ਪੈਰੋਲ ਅਰਜ਼ੀ ਰੱਦ ਕਰ ਦਿੱਤੀ ਹੈ।
Sauda Sadh
ਹਾਈ ਕੋਰਟ 'ਚ 45 ਮਿੰਟ ਦੀ ਬਹਿਸ ਤੋਂ ਬਾਅਦ ਜੱਜ ਨੇ ਕਿਹਾ ਕਿ ਪੰਚਕੂਲਾ ਵਿਚ 2017 ਅਗਸਤ 'ਚ ਹੋਏ ਦੰਗਿਆਂ ਨੂੰ ਵੇਖਦੇ ਹੋਏ ਸੌਦਾ ਸਾਧ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ। ਪੈਰੋਲ ਦੀ ਅਰਜ਼ੀ ਉਸ ਦੀ ਪਤਨੀ ਹਰਜੀਤ ਕੌਰ ਨੇ ਲਾਈ ਸੀ। ਉਸ ਨੇ ਸੌਦਾ ਸਾਧ ਦੀ ਪੈਰੋਲ ਲਈ ਉਸ ਦੀ ਮਾਂ ਦੇ ਇਲਾਜ ਦਾ ਹਵਾਲਾ ਦਿੰਦੇ ਹੋਏ ਤਿੰਨ ਹਫ਼ਤਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ। ਇਸ 'ਤੇ ਅਦਾਲਤ ਨੇ ਕਿਹਾ ਕਿ ਸੌਦਾ ਸਾਧ ਦੀ ਮਾਂ ਦਾ ਇਲਾਜ ਡਾਕਟਰ ਕਰ ਰਹੇ ਹਨ। ਇਸ 'ਚ ਸੌਦਾ ਸਾਧ ਦੀ ਕੀ ਲੋੜ ਹੈ?
Sauda Sadh
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੌਦਾ ਸਾਧ ਨੇ ਆਪਣੀ ਮਾਂ ਨਸੀਬ ਕੌਰ ਦੀ ਬੀਮਾਰੀ ਦਾ ਹਵਾਲਾ ਦੇ ਕੇ ਪੈਰੋਲ ਦੀ ਮੰਗ ਕੀਤੀ ਸੀ। ਉਦੋਂ ਵੀ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਸੌਦਾ ਸਾਧ ਨੇ ਮੰਗ ਕੀਤੀ ਸੀ ਕਿ ਸਿਰਸਾ 'ਚ ਉਸ ਦੀ ਮੂੰਹ ਬੋਲੀ ਧੀ ਦਾ ਵਿਆਹ ਹੋਣਾ ਹੈ, ਜਿਸ 'ਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ। ਉਦੋਂ ਵੀ ਉਸ ਨੂੰ ਪੈਰੋਨ ਨਹੀਂ ਮਿਲੀ ਸੀ। ਸੌਦਾ ਸਾਧ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਹੈ।