
ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੀ ਪਾਣੀ ਪਿਲਾ ਰਹੇ ਕਿਸਾਨ
ਨਵੀਂ ਦਿੱਲੀ: ਕਿਸਾਨਾਂ ਦੇ 'ਦਿੱਲੀ ਚੱਲੋ' ਅਦੋਲਨ ਦੀਆਂ ਕਈ ਫੋਟੋਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਵਿਚੋਂ ਕੁਝ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ।
ਪੁਲਿਸ ਕਰਮਚਾਰੀਆਂ ਨੂੰ ਵਰਤਾਇਆ ਜਾ ਰਿਹਾ ਗੁਰੂ ਕਾ ਲੰਗਰ
ਕਿਸਾਨਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣ ਲਈ ਹਰਿਆਣਾ ਤੇ ਦਿੱਲੀ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਅੱਤਿਆਚਾਰ ਕੀਤੇ ਗਏ। ਇਸ ਦੇ ਬਾਵਜੂਦ ਵੀ ਬਾਬੇ ਨਾਨਕ ਦੇ ਸਿੱਖ ਸੇਵਾ ਦੀ ਭਾਵਨਾ ਨੂੰ ਨਹੀਂ ਭੁੱਲੇ।
ਪੁਲਿਸ ਕਰਮਚਾਰੀਆਂ ਨੂੰ ਪਾਣੀ ਪਿਲਾ ਰਹੇ ਕਿਸਾਨ
ਬਾਰਡਰ 'ਤੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਕਿਸਾਨ ਭਰਾਵਾਂ ਨੇ ਪਾਣੀ ਪਿਲਾ ਕੇ ਉਹਨਾਂ ਦੀ ਪਿਆਸ ਬੁਝਾਈ। ਭਾਈ ਘਨੱਈਆ ਜੀ ਦੀ ਵਿਰਾਸਤ ਨੂੰ ਅੱਗ ਤੌਰ ਰਹੇ ਇਹਨਾਂ ਕਿਸਾਨਾਂ ਦੀ ਸੇਵਾ ਭਾਵਨਾ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
ਪੁਲਿਸ ਕਰਮਚਾਰੀਆਂ ਨੂੰ ਪਾਣੀ ਪਿਲਾ ਰਿਹਾ ਸਿੱਖ ਵਿਅਕਤੀ
ਇਸ ਤੋਂ ਇਲਾਵਾ ਰਾਤ ਨੂੰ ਡਿਊਟੀ ਦੇ ਰਹੇ ਪੁਲਿਸ ਕਰਮਚਾਰੀਆਂ ਨੂੰ ਲੰਗਰ ਛਕਾਇਆ। ਬੀਤੇ ਦਿਨੀਂ ਲੁਧਿਆਣਾ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲਗਾਏ ਲੰਗਰ ਦੌਰਾਨ ਵੀ ਇਕ ਅਜਿਹੀ ਤਸਵੀਰ ਸਾਹਮਣੇ ਆਈ, ਜਿਸ ਨੇ ਹਰ ਕਿਸੇ ਦਾ ਦਿਲ ਜਿੱਤਿਆ।
ਪੁਲਿਸ ਕਰਮਚਾਰੀਆਂ ਨੂੰ ਲੰਗਰ ਛਕਾ ਰਹੇ ਕਿਸਾਨ
ਸਰਦੀ ਦੇ ਮੌਸਮ ਵਿਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੇ ਪੁਲਿਸ ਕਰਮਚਾਰੀਆਂ ਪ੍ਰਤੀ ਪੰਜਾਬੀਆਂ ਦਾ ਇਹ ਰਵੱਈਆ ਵਾਕਈ ਸ਼ਲਾਘਾਯੋਗ ਹੈ।