
ਪੰਜਾਬ ਦੇ ਰਾਜਪਾਲ ਤੇ ਕੇਂਦਰੀ ਗ੍ਰਹਿ ਮੰਤਰਾਲਾ ਲਗਾਤਾਰ ਰੱਖ ਰਿਹੈ ਘਟਨਾਕ੍ਰਮ 'ਤੇ ਪੂਰੀ ਨਜ਼ਰ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : 'ਦਿੱਲੀ ਕੂਚ' ਪ੍ਰੋਗਰਾਮ ਤਹਿਤ ਸ਼ਾਂਤਮਈ ਐਕਸ਼ਨ ਦੇ ਪਹਿਲਾਂ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਵਲੋਂ ਹਰਿਆਣਾ ਦੀ ਖੱਟਰ ਸਰਕਾਰ ਦੇ ਸਾਰੇ ਬੈਰੀਕੇਡ ਉਖਾੜ ਕੇ ਪਾਸੇ ਸੁੱਟਣ ਅਤੇ ਹੋਰ ਸੱਭ ਰੋਕਾਂ ਨੂੰ ਬਲ ਪੂਰਵਕ ਸਾਫ਼ ਕਰ ਕੇ ਦਿੱਲੀ ਵਲ ਵਧ ਕੇ ਮੋਦੀ ਸਰਕਾਰ ਨੂੰ ਦਿਤੀ ਸਿੱਧੀ ਚੁਨੌਤੀ ਬਾਅਦ ਹੁਣ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਵੀ ਸੰਕਟ ਦੇ ਬਦਲ ਛਾ ਗਏ ਹਨ।
Capt Amarinder Singh
ਭਰੋਸੇਯੋਗ ਸੂਤਰਾਂ ਦੀ ਗੱਲ ਮੰਨੀਏ ਤਾਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਾਤ ਤਕ ਦੇ ਹੋ ਰਹੇ ਘਟਨਾਕ੍ਰਮ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਅਗਰ ਅਗਲੇ ਇਕ ਦੋ ਦਿਨਾਂ ਵਿਚ ਸਥਿਤੀ ਹੋਰ ਵਿਗੜਦੀ ਹੈ ਤਾਂ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦਾ ਬਹਾਨਾ ਮਿਲ ਸਕਦਾ ਹੈ।
Vp Singh Badnor
ਜ਼ਿਕਰਯੋਗ ਹੈ ਕਿ ਲੱਖਾਂ ਕਿਸਾਨਾਂ ਦੇ ਇਕੱਠ ਵਲੋਂ ਦਿੱਲੀ ਨੂੰ ਜਾਣ ਵਾਲੇ ਮੁੱਖ ਕੌਮੀ ਮਾਰਗਾਂ ਨੂੰ ਪੰਜਾਬ ਵਾਲੇ ਪਾਸਿਉਂ ਪੱਕੇ ਧਰਨੇ ਲਾ ਕੇ ਜਾਮ ਕਰ ਦਿਤਾ ਗਿਆ ਹੈ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਰਾਜਾਂ ਦਾ ਸੰਪਰਕ ਦਿੱਲੀ ਨਾਲੋਂ ਟੁੱਟ ਗਿਆ ਹੈ।
Union Home Ministry
ਸਾਰੇ ਮਾਰਗਾਂ 'ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ, ਲੰਗਰ ਤੇ ਮੋਰਚੇ ਹੀ ਦਿਖਾਈ ਦੇ ਰਹੇ ਹਨ। ਮਾਰਗਾਂ ਨੂੰ ਸਾਫ਼ ਕਰਵਾਉਣਾ ਵੀ ਕੇਂਦਰ ਲਈ ਵੱਡੀ ਚੁਨੌਤੀ ਹੋਵੇਗੀ ਜਦਕਿ ਕੈਪਟਨ ਸਰਕਾਰ ਕਿਸਾਨਾਂ ਦੇ ਸਮਰਥਨ ਵਿਚ ਹੈ। ਇਸ ਲਈ ਸਥਿਤੀ ਵਿਚ ਕੰਟਰੋਲ ਨਾ ਹੋਣ 'ਤੇ ਕੈਪਟਨ ਸਰਕਾਰ ਲਈ ਖ਼ਤਰਾ ਬਣ ਸਕਦਾ ਹੈ।
Farmer Protest
ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਦੇ ਵਿਗੜੇ ਮੂਡ ਵਲ ਵੇਖਦਿਆਂ ਇਕ ਵਿਸ਼ੇਸ਼ ਟੈਲੀਵੀਜ਼ਨ ਇੰਟਰਵਿਊ ਵਿਚ ਸਪੱਸ਼ਟ ਕੀਤਾ ਹੈ ਕਿ 3 ਮਹੀਨੇ ਤੋਂ ਅੰਦੋਲਨ ਚਲ ਰਿਹਾ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿਚ ਇਕ ਵੀ ਮਾੜੀ ਘਟਨਾ ਨਹੀਂ ਹੋਣ ਦਿਤੀ। ਹਰਿਆਣਾ ਨੂੰ ਇਹੀ ਕੁੱਝ ਕਰਨਾ ਚਾਹੀਦਾ ਸੀ ਤੇ ਕਿਸਾਨਾਂ ਨੂੰ ਦਿੱਲੀ ਜਾ ਕੇ ਕਿਸੇ ਖੁਲ੍ਹੀ ਥਾਂ 'ਤੇ ਟਿਕਣ ਦੇਣਾ ਚਾਹੀਦਾ ਸੀ ਜਿਥੇ ਉਹ ਅਪਣੇ ਮਨ ਦੀ ਗੁਬਾਰ ਕੱਢ ਲੈਂਦੇ। ਉਨ੍ਹਾਂ ਕਿਹਾ,'ਅਸੀ ਵੀ ਜੰਤਰ ਮੰਤਰ ਵਿਚ ਬੈਠ ਹੀ ਆਏ ਸੀ।'