
ਕੇਜਰੀਵਾਲ ਨੇ ਟੈਂਕੀ 'ਤੇ ਚੜੇ ਅਧਿਆਪਕਾਂ ਨੂੰ ਥੱਲੇ ਉਤਰਣ ਦੀ ਕੀਤੀ ਅਪੀਲ, ਕਿਹਾ ਕਾਂਗਰਸ ਸਰਕਾਰ ਲਈ ਜਾਨ ਖਤਰੇ 'ਚ ਨਾ ਪਾਉਣ
ਮੋਹਾਲੀ/ ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨਿਵਾਰ ਨੂੰ ਮੋਹਾਲੀ ਵਿਖੇ ਸਿੱਖਿਆ ਬੋਰਡ ਦਫਤਰ ਮੂਹਰੇ ਧਰਨੇ ਉੱਤੇ ਬੈਠੇ ਕੱਚੇ ਅਧਿਆਪਕਾਂ ਅਤੇ ਸੋਹਾਣਾ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜੇ ਬੇਰੁਜਗਾਰ ਪੀ.ਟੀ.ਆਈ ਅਧਿਆਪਕਾਂ ਨਾਲ ਧਰਨੇ ਵਿਚ ਬੈਠੇ ਅਤੇ ਉਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਕੇਜਰੀਵਾਲ ਨੇ ਧਰਨਾਕਾਰੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਕੱਚੇ ਅਧਿਆਪਕਾਂ ਨੂੰ ਪੱਕੇ (ਰੈਗੂਲਰ) ਕੀਤਾ ਜਾਵੇਗਾ, ਤਾਂ ਜੋ ਸੂਬੇ 'ਚ ਚੰਗੀ ਸਿੱਖਿਆ ਦਾ ਮਹੌਲ ਸਿਰਜਿਆ ਜਾਵੇ। ਅਰਵਿੰਦ ਕੇਜਰੀਵਾਲ ਧਰਨਾਕਾਰੀ ਅਧਿਆਪਕਾਂ ਨੂੰ ਮਿਲਣ ਲਈ ਅੱਜ ਸਵੇਰੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਇਨਾਂ ਕੱਚੇ ਅਤੇ ਬੇਰੁਜਗਾਰ ਅਧਿਆਪਕਾਂ ਦੇ ਸਮਰਥਨ ਵਿਚ ਮੋਹਾਲੀ ਪਹੁੰਚੇ ਸਨ।
Arvind Kejriwal
ਇਸ ਸਮੇਂ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ ਨਾਲ ਸਨ। ਮੁਹਾਲੀ ਪਹੁੰਚਦਿਆਂ ਹੀ ਅਰਵਿੰਦ ਕੇਜਰੀਵਾਲ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ 165 ਦਿਨਾਂ ਤੋਂ ਧਰਨੇ 'ਤੇ ਬੈਠੇ ਕੱਚੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, '' ਚੰਨੀ ਸਰਕਾਰ ਨੇ ਥਾਂ ਪੁਰ ਥਾਂ 36 ਹਜ਼ਾਰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਤਾਂ ਜ਼ਰੂਰ ਲਾਏ ਹੋਏ ਹਨ, ਪਰ ਨਾ ਅਧਿਆਪਕਾਂ ਨੂੰ ਪੱਕੇ ਕੀਤਾ ਅਤੇ ਨਾ ਹੀ ਸੈਂਕੜੇ ਹਜਾਰਾਂ ਸਫ਼ਾਈ ਅਤੇ ਹੋਰ ਮਹਿਕਮਿਆਂ ਦੇ ਕੱਚੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪੱਕੇ ਕੀਤਾ ਗਿਆ।'' ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਉੱਤੇ ਤੰਜ ਕਸਿਆ ਕਿ ਜੋ ਐਲਾਨ ਕੀਤੇ ਜਾਂਦੇ ਹਨ ਉਨਾਂ ਉੱਤੇ ਅਮਲ ਵੀ ਕੀਤਾ ਜਾਣਾ ਚਾਹੀਦਾ ਹੈ।
Arvind Kejriwal
ਕੇਜਰੀਵਾਲ ਨੇ ਦਿੱਲੀ ਵਿਚ ਬਿਹਤਰੀਨ ਸਿੱਖਿਆ ਸਹੂਲਤ ਦਿੱਤੇ ਜਾਣ ਬਾਕੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਦਾ ਮਹੌਲ ਬਦਲਿਆ ਹੈ। ਇਸ ਲਈ ਚੰਗੀ ਸਿੱਖਿਆ ਅਤੇ ਬਿਹਤਰੀਨ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਨੂੰ ਹੀ ਜਾਂਦਾ ਹੈ। ਇਸ ਦੇ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਵਾਈ ਗਈ ਅਤੇ ਚੰਗੀਆਂ ਤਨਖ਼ਾਹਾਂ ਦੇਣ ਸਮੇਤ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ 'ਤੇ ਪੂਰੀ ਤਰਾਂ ਰੋਕ ਲਾ ਦਿੱਤੀ ਗਈ। ਇਸ ਕਾਰਨ ਦਿੱਲੀ ਦੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਵਸਥਾ ਹੀ ਬਦਲ ਕੇ ਰੱਖ ਦਿੱਤੀ ਅਤੇ ਅੱਜ ਦਿੱਲੀ ਦੀ ਸਿੱਖਿਆ ਵਿਵਸਥਾ ਦੀ ਦੁਨੀਆਂ ਭਰ 'ਚ ਤਰੀਫ਼ ਹੋ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਦੀ ਸਿੱਖਿਆ ਵਿਵਸਥਾ ਵਿੱਚ ਵੀ ਸੁਧਾਰ ਕੀਤਾ ਜਾਵੇਗਾ ਅਤੇ ਖਾਲੀ ਅਸਾਮੀਆਂ ਦੀ ਵੱਡੇ ਪੱਧਰ 'ਤੇ ਮੈਰਿਟ ਦੇ ਅਧਾਰ 'ਤੇ ਭਰਤੀ ਕੀਤੀ ਜਾਵੇਗੀ ਅਤੇ ਜਰੂਰਤ ਮੁਤਾਬਿਕ ਅਧਿਆਪਕਾਂ ਦੀਆਂ ਨਵੀਂਆਂ ਅਸਾਮੀਆਂ ਸਿਰਜੀਆਂ ਜਾਣਗੀਆਂ ਤਾਂ ਕਿ ਯੋਗਤਾ ਹੋਣ ਦੇ ਬਾਵਜੂਦ ਨੌਕਰੀਆਂ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜਗਾਰਾਂ ਨੂੰ ਰੋਜਗਾਰ ਮਿਲ ਸਕੇ।
Arvind Kejriwal
ਕੇਜਰੀਵਾਲ ਨੇ ਧਰਨਾਕਾਰੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ (ਰੈਗੂਲਰ) ਕੀਤਾ ਜਾਵੇਗਾ ਅਤੇ ਸਰਕਾਰੀ ਕਾਲਜਾਂ ਦੇ ਜਿੰਨਾਂ 906 ਗੈਸਟ ਫਕਿਲਟੀ ਪ੍ਰੋਫੈਸਰਾਂ/ਟੀਚਰਾਂ ਤੋਂ 15-20 ਸਾਲ ਸੇਵਾਵਾਂ ਲੈ ਕੇ ਹੁਣ ਕੱਢਿਆ ਜਾ ਰਿਹਾ ਹੈ, ਉਨਾਂ ਦੀਆਂ ਸੇਵਾਵਾਂ ਵੀ ਜਾਰੀ ਰੱਖੀਆਂ ਜਾਣਗੀਆਂ। ਜਿਕਰਯੋਗ ਹੈ ਕਿ ਇਸ ਮੌਕੇ ਗੈਸਟ ਫਕਿਲਟੀ ਪ੍ਰੋਫੈਸਰਾਂ ਉੱਤੇ ਅਧਾਰਿਤ ਇਕ ਵਫਦ ਨੇ ਕੇਜਰੀਵਾਲ ਨੂੰ ਰੋਕ ਕੇ ਆਪਣੇ ਮੰਗ ਪੱਤਰ ਦਿੱਤਾ ਸੀ। ਜੋ ਉੱਥੇ ਧਰਨਾ ਸਥਾਨ ਉੱਤੇ ਕਾਂਗਰਸ ਦੀ ਚੰਨੀ ਸਰਕਾਰ ਵਿਰੁੱਧ ਨਾਅਰੇਬਾਜੀ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ ਅਧਿਆਪਕ ਜਮਾਤ ਵਿੱਚ ਹੋਣੇ ਚਾਹੀਦੇ ਹਨ, ਨਾ ਕਿ ਧਰਨਿਆਂ ਅਤੇ ਟੈਂਕੀਆਂ 'ਤੇ ਹੋਣੇ ਚਾਹੀਦੇ ਹਨ। ਕੇਜਰੀਵਾਲ ਨੇ ਕਿਹਾ ਕਿ 10-10, 20-20 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਦੇ ਰਹੇ ਕੱਚੇ ਅਧਿਆਪਕਾਂ ਨੂੰ ਪੰਜਾਬ ਵਿੱਚ ਮਾਤਰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਪੰਜਾਬ ਸਰਕਾਰ ਅਤੇ ਸਮੁੱਚੇ ਸਮਾਜ ਲਈ ਸ਼ਰਮ ਵਾਲੀ ਗੱਲ ਹੈ।
ਕੇਜਰੀਵਾਲ ਨੇ ਪੰਜਾਬ ਦੇ ਸਮੂਹ ਕੱਚੇ ਅਤੇ ਪੱਕੇ ਅਧਿਆਪਕਾਂ ਅਤੇ ਧਰਨੇ-ਪ੍ਰਦਰਸ਼ਨਾਂ ਉੱਤੇ ਬੈਠੇ ਬੇਰੁਜਗਾਰ ਅਧਿਆਪਕਾਂ ਅਤੇ ਹੋਰ ਬੇਰੁਜਗਾਰ ਨੌਜਵਾਨਾਂ ਸਮੇਤ ਸਮੁਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਕਾਂਗਰਸੀਆਂ, ਭਾਜਪਾਈਆਂ ਅਤੇ ਬਾਦਲਾਂ ਨੂੰ ਬਾਰ-ਬਾਰ ਪਰਖਿਆ ਜਾ ਚੁੱਕਿਆ ਹੈ। ਉਨਾਂ ਨੇ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਵਸਥਾ ਵਿਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ, ਜਿਵੇਂ ਦਿੱਲੀ ਵਿਚ ਕਰਕੇ ਦਿਖਾਏ ਹਨ।
Arvind Kejriwal
ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸੋਹਾਣਾ ਲਾਗੇ ਪਾਣੀ ਦੀ ਟੈਂਕੀ 'ਤੇ 47 ਦਿਨਾਂ ਤੋਂ ਚੜੇ ਅਤੇ ਧਰਨੇ 'ਤੇ ਬੈਠੇ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਧਰਨਾਕਾਰੀਆਂ ਨੂੰ ਟੈਂਕੀ ਤੋਂ ਥੱਲੇ ਉਤਰਨ ਦੀ ਅਪੀਲ ਕੀਤੀ। ਕੇਜਰੀਵਾਲ ਨੇ ਇਕ ਨਵ-ਵਿਆਹੀ ਬੇਰੁਜਗਾਰ ਅਧਿਆਪਿਕਾ ਸਮੇਤ 47 ਦਿਨਾਂ ਤੋਂ ਹੀ ਟੈਂਕੀ ਉੱਤੇ ਚੜੇ ਅਧਿਆਪਕਾਂ ਨੂੰ ਉਨਾਂ ਦੀ ਜਾਨ ਦਾ ਵਾਸਤਾ ਦਿੰਦੇ ਹੋਏ ਨੀਚੇ ਉਤਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦ ਬਹਿਰੀ ਸਰਕਾਰ ਲਈ ਉਹ ਆਪਣੀ ਜਾਨ ਖਤਰੇ ਵਿਚ ਨਾ ਪਾਉਣ। ਉਨਾਂ ਨੂੰ ਭਰੋਸਾ ਦਿਵਾਇਆ ਕਿ 'ਆਪ' ਦੀ ਸਰਕਾਰ ਬਣਨ 'ਤੇ ਉਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਕੇਜਰੀਵਾਲ ਨੇ ਪੰਜਾਬ ਦੀ ਚੰਨੀ ਸਰਕਾਰ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਦੀ ਮੰਗ ਅਨੁਸਾਰ ਭਰਤੀ ਪ੍ਰਕਿਰਿਆ ਦੀ ਮੈਰਿਟ ਲਿਸਟ ਤੁਰੰਤ ਜਾਰੀ ਕੀਤੀ ਜਾਵੇ ਅਤੇ ਹਰ ਮੈਰਿਟ ਸੂਚੀ ਨਾਲ ਵੇਟਿੰਗ ਸੂਚੀ ਵੀ ਜਾਰੀ ਕੀਤੀ ਜਾਵੇ।
Arvind Kejriwal
ਸਿੱਖਿਆ ਮੰਤਰੀ ਪ੍ਰਗਟ ਸਿੰਘ ਵੱਲੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨਾਂ ਧਰਨਾਕਾਰੀ ਅਧਿਆਪਕਾਂ ਦੀਆਂ ਮੰਗਾਂ ਬਾਰੇ ਲਿਖੀ ਚਿੱਠੀ ਦਾ ਹਵਾਲਾ ਦਿੱਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਨੇ ਪੁੱਛਿਆ ਕਿ ਹੁਣ ਕਿਉਂ ਨਹੀਂ ਪਰਗਟ ਸਿੰਘ ਅਧਿਆਪਕਾਂ ਦੀਆਂ ਮੰਗਾਂ ਮੰਨਦੇ? ਪੀ.ਟੀ.ਆਈ ਅਧਿਆਪਕਾਂ ਦੀ ਮੈਰਿਟ ਸੂਚੀ ਜਾਰੀ ਕਿਉਂ ਨਹੀਂ ਕਰਦੇ? ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ, ''ਅਧਿਆਪਕ ਕੌਮ ਦਾ ਨਿਰਮਾਤਾ ਹੁੰਦਾ ਹੈ ਅਤੇ ਅਧਿਆਪਕ ਦੀ ਥਾਂ ਸਕੂਲ ਵਿੱਚ ਹੁੰਦੀ ਹੈ, ਪਰ ਪੰਜਾਬ ਦੀਆਂ ਸਰਕਾਰਾਂ ਨੇ ਅਧਿਆਪਕਾਂ ਨੂੰ ਧਰਨਿਆਂ 'ਤੇ ਰੋਲ਼ ਕੇ ਰੱਖ ਦਿੱਤਾ ਅਤੇ ਅਧਿਆਪਕ ਸਕੂਲ ਦੀ ਥਾਂ ਦਫ਼ਤਰਾਂ, ਟੈਂਕੀਆਂ ਅਤੇ ਸੜਕਾਂ 'ਤੇ ਧਰਨੇ ਲਾਉਣ ਲਈ ਮਜ਼ਬੂਰ ਹੋ ਰਹੇ ਹਨ। ਮਾਨ ਨੇ ਕਿਹਾ ਕਿ 18 ਸਾਲ ਕੱਚੇ ਅਧਿਆਪਕਾਂ ਵਜੋਂ ਪੜਾਉਣ ਤੋਂ ਬਾਅਦ ਵੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਅਧਿਆਪਕਾਂ ਨੂੰ ਪੱਕੇ ਨਹੀਂ ਕਰ ਰਹੀਆਂ, ਇਸ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੋਵੇਗੀ। ਉਨਾਂ ਸਵਾਲ ਕੀਤਾ ਕਿ ਜਦੋਂ ਇਨਾਂ ਅਧਿਆਪਕਾਂ ਨੇ ਡਿਗਰੀਆਂ ਪੱਕੀਆਂ ਲਈਆਂ, ਪੜਾਈ ਪੱਕੀ ਕੀਤੀ ਹੈ, ਫਿਰ ਸਰਕਾਰ ਨੌਕਰੀਆਂ ਕੱਚੀਆਂ ਕਿਉਂ ਦੇ ਰਹੀ ਹੈ?