
ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭੀ
Panthak News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਇੱਕ ਕਾਊਂਟਰ ਤੋਂ ਇੱਕ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਚਾਰ ਸ਼ੱਕੀ ਵਿਅਕਤੀਆਂ ’ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸੰਧਿਆ ਵੇਲੇ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ ਇੱਕ ਕਾਊਂਟਰ ਉੱਤੇ ਡਿਊਟੀ ਨਿਭਾ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਸੰਧਿਆ ਵੇਲੇ ਸਮਾਂ ਕਰੀਬ 7.30 ਵਜੇ ਜਦੋਂ ਉਹ ਕੱਚੀਆਂ ਰਸੀਦਾਂ ਕੱਟ ਰਿਹਾ ਸੀ ਤਾਂ ਉਸ ਪਾਸ ਚਾਰ ਸ਼ੱਕੀ ਵਿਅਕਤੀ ਸਮੇਤ ਇੱਕ ਔਰਤ ਆਏ।
ਧੰਗੇੜਾ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਮ ਹੇਠ ਆਪਣੀ ਗੱਲਾਂ ਵਿੱਚ ਉਲਝਾਇਆ ਅਤੇ ਕਾਊਂਟਰ ਵਿੱਚੋਂ ਇੱਕ ਲੱਖ ਰੁਪਏ ਦੇ ਨਕਦੀ ਚੋਰੀ ਕਰਕੇ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ ਈ-ਡੀਵੀਜਨ ਪੁਲਿਸ ਥਾਣੇ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਧੰਗੇੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਆਪਣੇ ਵੱਲੋਂ ਅੰਦਰੂਨੀ ਜਾਂਚ ਵੀ ਆਰੰਭ ਦਿੱਤੀ ਗਈ ਹੈ।
(For more news apart from FIR registered in case of taking money from a counter of Sri Darbar Sahib, stay tuned to Rozana Spokesman)