
ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਦੇ ਪੰਜਾਬ ਡੈਮੋਕਰੇਟ ਗਠਬੰਧਨ ਵਿਚੋਂ ਬਾਹਰ ਹੋ ਜਾਣ 'ਤੇ ਹੁਣ ਇਹ ਪਾਰਟੀ ਇਕੱਲੀ ਹੀ ਰਹਿ ਗਈ ਹੈ ਅਤੇ 'ਆਪ' ਨਾਲ...
ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਦੇ ਪੰਜਾਬ ਡੈਮੋਕਰੇਟ ਗਠਬੰਧਨ ਵਿਚੋਂ ਬਾਹਰ ਹੋ ਜਾਣ 'ਤੇ ਹੁਣ ਇਹ ਪਾਰਟੀ ਇਕੱਲੀ ਹੀ ਰਹਿ ਗਈ ਹੈ ਅਤੇ 'ਆਪ' ਨਾਲ ਵੀ ਸੀਟਾਂ ਦੇ ਲੈਣ ਦੇਣ ਬਾਰੇ ਕੋਈ ਸੰਭਾਵਨਾ ਨਹੀਂ ਬਚੀ ਕਿਉਂਕਿ 'ਆਪ' ਵੀ ਕੋਈ ਗਠਬੰਧਨ ਕਰਨ ਦੇ ਰੌਂਅ ਵਿਚ ਨਹੀਂ ਹੈ। ਅਨੰਦਪੁਰ ਸਾਹਿਬ ਦੀ ਸੀਟ 'ਆਪ' ਵੀ ਛੱਡਣ ਲਈ ਤਿਆਰ ਨਹੀਂ।
ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਗਠਬੰਧਨ ਨਾਲੋਂ ਵੱਖ ਹੋਣ ਦੀ ਜ਼ਿੰਮੇਵਾਰੀ ਗਠਬੰਧਨ ਵਿਚ ਸ਼ਾਮਲ ਬਾਕੀ ਧਿਰਾਂ ਉਪਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਇਹ ਹੋਇਆ ਸੀ ਕਿ ਗਠਬੰਧਨ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਅਪਣੀ ਮਰਜ਼ੀ ਦੀਆਂ ਦੋ ਦੋ ਸੀਟਾਂ ਲੈ ਲੈਣ। ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੇ ਬਠਿੰਡਾ ਅਤੇ ਫ਼ਰੀਦਕੋਟ ਲੈ ਲਈਆਂ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਲੁਧਿਆਣਾ ਅਤੇ ਫ਼ਤਿਹਗੜ੍ਹ ਲੈ ਲਈਆਂ, ਬਸਪਾ ਨੇ ਹੁਸ਼ਿਆਰਪੁਰ ਅਤੇ ਜਲੰਧਰ ਸੀਟਾਂ ਲੈ ਲਈਆਂ। ਧਰਮਵੀਰ ਗਾਂਧੀ ਨੇ ਸਿਰਫ਼ ਪਟਿਆਲਾ ਹਲਕਾ ਮੰਗਿਆ।
ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਸੀਟਾਂ ਮੰਗੀਆਂ ਸਨ। ਜਥੇਦਾਰ ਸੇਖਵਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਅਨੰਦਪੁਰ ਸਾਹਿਬ ਦਾ ਹਲਕਾ ਮੰਗਿਆ ਤਾਂ ਬਸਪਾ ਨੇ ਕਿਹਾ ਕਿ ਇਹ ਹਲਕਾ ਵੀ ਉਨ੍ਹਾਂ ਨੇ ਲੈਣਾ ਹੈ। ਇਸ 'ਤੇ ਟਕਸਾਲੀ ਅਕਾਲੀ ਦਲ ਦਾ ਕਹਿਣਾ ਸੀ ਕਿ ਅਨੰਦਪੁਰ ਸਾਹਿਬ ਹਲਕੇ ਵਿਚ ਤਖ਼ਤ ਕੇਸਗੜ੍ਹ ਪੈਂਦਾ ਹੈ। ਜੇਕਰ ਅਕਾਲੀ ਦਲ ਟਕਸਾਲੀ ਨੇ ਇਹ ਹਲਕਾ ਵੀ ਨਹੀਂ ਲੈਣਾ ਤਾਂ ਫਿਰ ਹੋਰ ਕਿਹੜਾ ਢੁਕਵਾਂ ਹਲਕਾ ਹੈ। ਉਨ੍ਹਾਂ ਕਿਹਾ ਕਿ ਅਸੀ ਇਹ ਵੀ ਤਰਕ ਦਿਤਾ ਕਿ ਬੀਰ ਦਵਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਹੋਰ ਉਮੀਦਵਾਰ ਹੈ ਤਾਂ ਦੱਸੋ।
ਉਨ੍ਹਾਂ ਕਿਹਾ ਕਿ ਗਠਬੰਧਨ ਵਿਚੋਂ ਬਾਹਰ ਹੋਣ ਦੀ ਜ਼ਿੰਮੇਵਾਰੀ ਬਾਕੀ ਸਾਥੀ ਪਾਰਟੀਆ ਦੇ ਆਗੂਆਂ ਉਪਰ ਜਾਂਦੀ ਹੈ ਜੋ ਸਹਿਮਤੀ ਕਰਨ ਉਪਰੰਤ ਵੀ ਅਨੰਦਪੁਰ ਸਾਹਿਬ ਦੀ ਸੀਟ ਦਾ ਝਗੜਾ ਖੜਾ ਕਰ ਲਿਆ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਆਪ ਨਾਲ ਕੋਈ ਗੱਲਬਾਤ ਚਲ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਦੋ ਹਫ਼ਤੇ ਤੋਂ ਉਪਰ ਸਮਾਂ ਹੋ ਗਿਆ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਆਪ ਪਾਰਟੀ ਵੀ ਅਨੰਦਪੁਰ ਸਾਹਿਬ ਦੀ ਸੀਟ ਟਕਸਾਲੀ ਅਕਾਲੀ ਦਲ ਲਈ ਛੱਡਣ ਲਈ ਤਿਆਰ ਨਹੀਂ। ਉਹ ਪਹਿਲਾਂ ਹੀ 5 ਹਲਕਿਆਂ ਤੋਂ ਅਪਣੇ ਉਮੀਦਵਾਰ ਐਲਾਨ ਚੁਕੇ ਹਨ ਅਤੇ ਇਨ੍ਹਾਂ 5 ਹਲਕਿਆਂ ਵਿਚ ਅਨੰਦਪੁਰ ਸਾਹਿਬ ਦਾ ਹਲਕਾ ਵੀ ਸ਼ਾਮਲ ਹੈ।