
ਮਾਨਸਾ ਜ਼ਿਲ੍ਹੇ ਦੀ ਧੀ ਨੇ ਮਾਰੀ ਬਾਜ਼ੀ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2022-23 ਦੇ 8ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਫਿਰ ਧੀਆਂ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ 8ਵੀਂ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਵੀ ਮੌਜੂਦ ਸਨ। 8ਵੀਂ ਜਮਾਤ ਦੇ ਨਤੀਜੇ ਵਿਚ ਮਾਨਸਾ ਜ਼ਿਲ੍ਹੇ ਦੀ ਧੀ ਨੇ ਬਾਜ਼ੀ ਮਾਰੀ ਹੈ।
ਇਹ ਵੀ ਪੜ੍ਹੋ: ਈਦ ਦੀ ਛੁੱਟੀ ਮਨਾ ਕੇ ਵਾਪਸ ਆਪਣੇ ਕੰਮ 'ਤੇ ਪਰਤ ਰਹੇ ਕਾਮਿਆਂ ਦੀ ਪਲਟੀ ਕਿਸ਼ਤੀ, 11 ਦੀ ਮੌਤ
ਸਰਕਾਰੀ ਕੰਨਿਆ ਸਕੂਲ ਬੁਢਲਾਡਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰਹੀ ਵਿਦਿਆਰਥਣ ਗੁਰਅੰਕਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵੀ ਸਰਕਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡ ਦੀ ਵਿਦਿਅਰਥਣ ਹੈ। ਜਦਕਿ ਤੀਜਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਪਹਿਲਵਾਨਾਂ ਦਾ ਪ੍ਰਦਰਸ਼ਨ ਲਗਾਤਾਰ 6ਵੇਂ ਦਿਨ ਵੀ ਜਾਰੀ, ਦਿੱਲੀ ਪੁਲਿਸ ਅੱਜ ਦਰਜ ਕਰੇਗੀ FIR
ਦੱਸ ਦੇਈਏ ਕਿ 8ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 ਵਿਚ ਲਈ ਗਈ ਸੀ। ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਇਸ ਸਾਲ 8ਵੀਂ ਜਮਾਤ ਦੀ ਪ੍ਰੀਖਿਆ 'ਚ ਕੁੱਲ 298127 ਪ੍ਰੀਖਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ 292206 ਪਾਸ ਹੋਏ ਅਤੇ ਨਤੀਜੇ ਦੀ ਪਾਸ ਫ਼ੀਸਦੀ 98.01 ਰਹੀ। ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ 29 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com 'ਤੇ ਉਪਲਬਧ ਹੋਵੇਗਾ।