
ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ ਮੌਤ ਦੀ ਖਬਰ ਸੁਣ ਕੇ ਅੰਮ੍ਰਿਤਸਰ ਸਥਿਤ ਸ਼ਰੀਫਪੁਰਾ ਦੇ ਰਾਣੀ ਬਜ਼ਾਰ ਵਿਚ ਵੀ ਸੋਗ ਦੀ ਲਹਿਰ ਹੈ।
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ ਮੌਤ ਦੀ ਖਬਰ ਸੁਣ ਕੇ ਅੰਮ੍ਰਿਤਸਰ ਸਥਿਤ ਸ਼ਰੀਫਪੁਰਾ ਦੇ ਰਾਣੀ ਬਜ਼ਾਰ ਵਿਚ ਵੀ ਸੋਗ ਦੀ ਲਹਿਰ ਹੈ। ਦਰਅਸਲ ਵੀਰੂ ਦੇਵਗਨ ਦਾ ਜਨਮ ਅੰਮ੍ਰਿਤਸਰ ਵਿਚ ਹੀ ਹੋਇਆ ਸੀ। ਅੰਮ੍ਰਿਤਸਰ ਤੋਂ ਮਾਇਆਨਗਰੀ ਤੱਕ ਦਾ ਉਹਨਾਂ ਦਾ ਸਫਰ ਬਹੁਤ ਸੰਘਰਸ਼ ਨਾਲ ਭਰਿਆ ਹੋਇਆ ਸੀ। 1957 ਵਿਚ ਉਹਨਾਂ ਨੇ ਅਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।
Veeru Devgan
ਰਾਣੀ ਬਜ਼ਾਰ ਸਥਿਤ ਬਾਰੀ ਵਾਲੀ ਗਲੀ ਦੇ ਨਿਵਾਸੀ ਅਤੇ ਵੀਰੂ ਦੇਵਗਨ ਦੇ ਦੋਸਤ ਰਹੇ 85 ਸਾਲਾ ਭੋਜਰਾਜ ਦੇ ਪੁੱਤਰ ਪ੍ਰਕਾਸ਼ ਚੰਦ ਮੁਤਾਬਿਕ 2012 ਵਿਚ ਅਜੈ ਦੇਵਗਨ ਦੀ ਫਿਲਮ ‘ਹਿੰਦੋਸਤਾਨ ਕੀ ਕਸਮ’ ਦੇ ਰਿਲੀਜ਼ ਹੋਣ ਸਮੇਂ ਆਖਰੀ ਵਾਰ ਵੀਰੂ ਦੇਵਗਨ ਅੰਮ੍ਰਿਤਸਰ ਆਏ ਸਨ। ਬਾਰੀ ਵਾਲੀ ਗਈ ਵਿਚ ਵੀਰੂ ਦੇਵਗਨ ਦਾ ਘਰ ਬਹੁਤ ਮਸ਼ਹੂਰ ਹੋਇਆ ਕਰਦਾ ਸੀ। ਮੁੰਬਈ ਜਾਣ ਤੋਂ ਬਾਅਦ ਵੀ ਉਹ ਅਕਸਰ ਅਪਣੇ ਬਚਪਨ ਦੇ ਦੋਸਤ ਨੂੰ ਮਿਲਣ ਲਈ ਆਇਆ ਕਰਦੇ ਸਨ।
Veeru Devgan and ajay Devgan
ਅੰਮ੍ਰਿਤਸਰ ਵਿਚ ਬਚਪਨ ਬੀਤਣ ਕਰਕੇ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਦੀ ਮੌਤ ਦਾ ਦੁੱਖ ਹੈ। ਸ਼ਹਿਰ ਵਾਸੀਆਂ ਦੇ ਨਾਲ ਨਾਲ ਕਲਾ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵਿਚ ਸ਼ਾਮਿਲ ਪੰਜਾਬ ਥੀਏਟਰ ਦੇ ਸੰਸਥਾਪਕ ਜਤਿੰਦਰ ਬਰਾੜ, ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਆਰਟ ਗੈਲਰੀ ਦੇ ਪ੍ਰਧਾਨ ਸ਼ਿਵ ਦੇਵ ਸਿੰਘ, ਬਾਲੀਵੁੱਡ ਕਲਾਕਾਰ ਹਰਿੰਦਰ ਸੌਹਲ, ਜਗਦੀਸ਼ ਸਚਦੇਵਾ ਆਦਿ ਨੇ ਵੀ ਦੁੱਖ ਜਤਾਇਆ ਹੈ।