
ਰਾਜਨੀਤੀ ਵਿਚ ਆਉਣਾ ਕੋਈ ਨਵੀਂ ਗੱਲ ਨਹੀਂ। ਰਾਜਨੀਤੀ ਦਾ ਅਖਾੜਾ ਸਭ ਲਈ ਖੁਲ੍ਹਾ ਹੈ
ਪੰਜਾਬ ਦੀ ਰਾਜਨੀਤੀ ਵਿਚ ਆਏ ਦਿਨ ਉਥਲ-ਪੁਥਲ ਹੋ ਰਹੀ ਹੈ। ਇਸ ਸਭ ਵਿਚ ਪਿਛਲੇ ਦਿਨੀਂ ਸੰਨੀ ਦਿਉਲ ਦਾ ਪੰਜਾਬ ਦੀ ਰਾਜਨੀਤੀ ਵਿਚ ਆਉਣਾ ਵੱਡੀ ਖ਼ਬਰ ਬਣਿਆ ਹੈ। 62 ਸਾਲਾ ਸੰਨੀ ਦਿਉਲ ਪਿਛਲੇ ਕੁਝ ਸਾਲਾਂ ਵਿਚ, ਇਕ ਤੋਂ ਬਾਅਦ ਇਕ ਫਲਾਪ ਫ਼ਿਲਮਾਂ ਕਰਨ ਤੋਂ ਬਾਅਦ, ਬੀਤੀ 23 ਅਪ੍ਰੈਲ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਪਾਰਟੀ ਵਿਚ ਸ਼ਾਮਲ ਹੋਣ ਤੋਂ ਕੁਝ ਦੇਰ ਬਾਅਦ ਹੀ, ਉਨ੍ਹਾਂ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ 2019 ਲਈ ਭਾਜਪਾ ਉਮੀਦਵਾਰ ਐਲਾਨਿਆ ਗਿਆ। ਇਸ ਸੀਟ ਤੋਂ, ਪਹਿਲਾਂ ਇਕ ਹੋਰ ਬਾਲੀਵੁੱਡ ਅਦਾਕਾਰ ਮਰਹੂਮ ਵਿਨੋਦ ਖੰਨਾ ਸੰਸਦ ਮੈਂਬਰ ਸਨ।
Vinod Khanna
ਬਾਲੀਵੁੱਡ ਅਦਾਕਾਰਾਂ ਦਾ, ਰਾਜਨੀਤੀ ਵਿਚ ਆਉਣਾ ਕੋਈ ਨਵੀਂ ਗੱਲ ਨਹੀਂ। ਰਾਜਨੀਤੀ ਦਾ ਅਖਾੜਾ ਸਭ ਲਈ ਖੁਲ੍ਹਾ ਹੈ, ਕੋਈ ਵੀ ਆ ਸਕਦਾ ਹੈ, ਪਰ ਵੇਖਿਆ ਇਹ ਗਿਆ ਹੈ ਕਿ ਅਦਾਕਾਰਾਂ ਦੀ ਕਾਰਗੁਜ਼ਾਰੀ ਪਾਰਲੀਮੈਂਟ ਵਿਚ ਕੁਝ ਖਾਸ ਨਹੀਂ ਰਹੀ। ਦੇਖਿਆ ਗਿਆ ਹੈ, ਕਿ ਪਹਿਲੀ ਵਾਰ ਚੋਣਾਂ ਲੜ ਰਹੇ ਅਦਾਕਾਰਾਂ ਅਤੇ ਕਾਲਾਕਾਰਾਂ ਨੂੰ ਕਾਫ਼ੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਹੁੰਦੀ ਹੈ, ਪਰ ਉਸ ਤੋਂ ਬਾਅਦ ਉਹ ਲੋਕਾਂ ਦੀਆਂ ਆਸਾਂ ‘ਤੇ ਖਰੇ ਨਹੀਂ ਉਤਰਦੇ।
Hema Malini
ਸੰਸਦ ਵਿਚ ਹਾਜ਼ਰੀ ਭਰਨ ਦੇ ਮਾਮਲੇ ਵਿਚ ਉਹ ਕਾਫ਼ੀ ਪਿੱਛੇ ਰਹਿੰਦੇ ਹਨ। ਉਦਾਹਰਣ ਤੇ ਤੌਰ ‘ਤੇ, ਬੰਗਾਲੀ ਅਦਾਕਾਰ ਤੇ ਕਲਾਕਾਰ ਅਧਿਕਾਰੀ ਦੀਪਕ ਦੀ, ਸੰਸਦ ਵਿਚ ਹਾਜ਼ਰੀ, ਕੇਵਲ 11 ਫ਼ੀਸਦੀ ਹੈ ਅਤੇ ਹੇਮਾ ਮਲਿਨੀ ਦੀ, ਕੇਵਲ 39 ਫ਼ੀਸਦੀ ਹੈ। ਸ਼ਤਰੂਘਨ ਸਿਨਹਾ ਅਤੇ ਬਾਬੁਲ ਸੁਪਰੀਓ ਵਰਗੇ ਕਲਾਕਰਾਂ ਨੇ ਸੰਸਦ ਵਿਚ ਹੋਈ, ਕਿਸੇ ਵੀ ਚਰਚਾ ਵਿਚ, ਬਿਲਕੁਲ ਹਿੱਸਾ ਨਹੀਂ ਲਿਆ।
Shatrughan Sinha
ਸਵਾਲ ਪੁਛਣ ਦੇ ਮਾਮਲੇ ਵਿਚ ਵੀ MP ਕਲਾਕਾਰ ਫਾਡੀ ਰਹੇ। ਬਾਬੁਲ ਸੁਪਰੀਓ ਅਤੇ ਸ਼ਤਰੂਘਨ ਸਿਨਹਾ ਨੇ ਪੂਰੇ session ਦੌਰਾਨ ਕੋਈ ਸਵਾਲ ਨਹੀਂ ਪੁੱਛਿਆ, ਪਰ ਚੰਡੀਗੜ੍ਹ ਤੋਂ ਐਮਪੀ ਕਿਰਨ ਖੇਰ ਵਰਗੇ ਵੀ ਹਨ, ਜਿਨ੍ਹਾਂ ਨੇ 337 ਸਵਾਲ ਪੁੱਛ ਕੇ, ਇਕ ਸਾਂਸਦ ਵੱਲੋਂ ਔਸਤਨ ਪੁੱਛੇ ਜਾਂਦੇ 293 ਸਵਾਲਾਂ ਨੂੰ ਪਾਰ ਕੀਤਾ, ਪਰ ਅਜਿਹੇ ਉਦਾਹਰਣ ਬਹੁਤ ਹੀ ਘੱਟ ਹਨ। ਆਓ ਪਤਾ ਕਰਨ ਦੀ ਕੋਸ਼ਿਸ਼ ਕਰੀਏ, ਕਿ ਰਾਜਨੀਤੀ ਵਿਚ ਅਦਾਕਾਰਾਂ ਦੀ ਲੋਕ ਪ੍ਰਿਅਤਾ ਦਾ ਕਾਰਨ ਕੀ ਹੈ।
Babul Supriyo
ਭਾਰਤ ਵਿਚ ਫ਼ਿਲਮੀ ਆਦਾਕਾਰਾਂ ਦਾ ਰੁਤਬਾ ਵੱਖਰਾ ਹੀ ਹੈ। ਲੋਕ ਅਕਸਰ ਭਾਵਾਨਾਵਾਂ ਦੇ ਵੇਗ ਵਿਚ ਵਹਿ ਕੇ, ਪਰਦੇ ‘ਤੇ ਹੋ ਰਹੀ ਅਦਾਕਾਰੀ ਨੂੰ ਸੱਚ ਸਮਝ ਬੈਠਦੇ ਹਨ। ਇਸੇ ਭਾਵਨਾਤਮਕਤਾ ਦਾ ਫ਼ਾਇਦਾ ਚੋਣਾਂ ਵਿਚ, ਭਰਪੂਰ ਲਿਆ ਜਾਂਦਾ ਹੈ ਅਤੇ ਅਦਾਕਾਰਾਂ ਨੂੰ ਉਨ੍ਹਾਂ ਵੱਲੋਂ ਨਿਭਾਏ ਪਾਤਰਾਂ ਵਿਚ ਢਾਲ ਕੇ ਪੇਸ਼ ਕੀਤਾ ਜਾਂਦਾ, ਜਿਵੇਂ ਕਿ ਸੰਨੀ ਦਿਉਲ ਨਾਲ ਕੀਤਾ ਜਾ ਰਿਹਾ ਹੈ।
Kirron Kher
ਨਹੀਂ ਤਾਂ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਵਾਲੀ ਪਾਰਟੀ ਦਾ ਉਮੀਦਵਾਰ ਹੱਥ ਵਿਚ ਹੈਂਡ ਪੰਪ ਲੈ ਕੇ ਪ੍ਰਚਾਰ ਕਰੇ, ਇਸਦਾ ਕੋਈ ਤੁਕ ਨਹੀਂ ਬਣਦਾ ਦਿਸਦਾ। ਪਰ ਹਾਂ, ਇਹ ਗੱਲ ਧਿਆਨਯੋਗ ਹੈ ਕਿ ਹੈਂਡ ਪੰਪ ਦੀ ਕਹਾਣੀ ਸੱਤਾਧਾਰੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਬਿਰਤਾਂਤ ਨੂੰ ਖੂਬ ਜੱਚਦੀ ਹੈ।
BJP
ਸੰਨੀ ਦਿਉਲ ਦੀ ਫ਼ਿਲਮ ਗਦਰ ਦਾ ਖਲਨਾਇਕ ਵੀ ਪਾਕਿਸਤਾਨ ਸੀ, ਅਤੇ ਅੱਜ ਦੇਸ਼ ਦੇ ਰਾਜਨੀਤਕ Narrative ਵਿਚ ਵੀ ਖਲਨਾਇਕ ਪਾਕਿਸਤਾਨ ਨੂੰ ਹੀ ਬਣਾਇਆ ਜਾ ਰਿਹਾ ਹੈ।
Sunny Deol carrying Handpump
ਫ਼ਿਲਮ ਵਿਚ ਉਖਾੜਿਆ ਹੈਂਡ ਪੰਪ ਪਾਕਿਸਤਾਨ ਨੂੰ ਡਰਾਉਣ ਦਾ ਪ੍ਰਤੀਕ ਬਣਿਆ, ਤਾਂ ਕਮਲ ਦੀ ਥਾਂ ‘ਤੇ ਹੈਂਡ ਪੰਪ ਵਰਤਣਾ ਵੀ ਭਾਜਪਾ ਨੂੰ ਮੰਜ਼ੂਰ ਹੈ। ਬੱਸ ਗੱਲ ਜਨਤਾ ਦੀਆਂ ਭਾਵਨਾਵਾਂ ਤੱਕ ਪਹੁੰਚਣ ਦੀ ਹੈ।
ਰਵਿਜੋਤ ਕੌਰ