
Kapurthala Suicide News : ਮ੍ਰਿਤਕ ਪੜ੍ਹਾਈ ਦੇ ਬੋਝ ਕਾਰਨ ਡਿਪ੍ਰੈਸ਼ਨ ਵਿੱਚ ਸੀ
Kapurthala Suicide News : ਕਪੂਰਥਲਾ ਦੇ ਜਲੰਧਰ ਰੋਡ 'ਤੇ ਸਥਿਤ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਦੇ ਹੋਸਟਲ 'ਚ ਦੇਰ ਰਾਤ ਇਕ ਵਿਦਿਆਰਥੀ ਵੱਲੋਂ ਆਪਣੇ ਕਮਰੇ 'ਚ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਹੋਸਟਲ ਸਟਾਫ਼ ਨੇ ਤੁਰੰਤ ਉਸ ਨੂੰ ਪੱਖੇ ਤੋਂ ਉਤਾਰ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਜਸਪ੍ਰੀਤ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸਾਇੰਸ ਸਿਟੀ ਚੌਕੀ ਦੇ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:kapurthala Murder : ਅੰਨੇ ਕਤਲ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਪ੍ਰਾਪਤ ਜਾਣਕਾਰੀ ਅਨੁਸਾਰ ਰਜਤ ਪੁੱਤਰ ਕਿਸ਼ਨ ਚੰਦ ਵਾਸੀ ਖੇੜੀ, ਸੁਜਾਨਪੁਰ, ਹਿਮਾਚਲ ਪ੍ਰਦੇਸ਼ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ, ਨੇ ਦੇਰ ਰਾਤ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਹੋਸਟਲ ਸਟਾਫ਼ ਨੂੰ ਸੂਚਨਾ ਮਿਲਣ 'ਤੇ ਉਨ੍ਹਾਂ ਤੁਰੰਤ ਉਸ ਨੂੰ ਪੱਖੇ ਤੋਂ ਉਤਾਰ ਕੇ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ | ਪਰ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ 'ਤੇ ਮੌਜੂਦ ਸਟਾਫ਼ ਮੈਂਬਰ ਸੰਜੀਵ ਸ਼ਰਮਾ, ਜਤਿੰਦਰ ਨਰੂਲਾ ਅਤੇ ਵਿਨੈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਤੁਰੰਤ ਐਂਬੂਲੈਂਸ 108 ਦੀ ਮਦਦ ਨਾਲ ਰਜਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਜਤ ਪੜ੍ਹਾਈ ਦੇ ਬੋਝ ਕਾਰਨ ਡਿਪ੍ਰੈਸ਼ਨ 'ਚ ਸੀ।
ਦੂਜੇ ਪਾਸੇ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਉਸ ਨੇ ਇਹ ਵੀ ਦੱਸਿਆ ਕਿ ਪਰਿਵਾਰ ਮੁਤਾਬਕ ਰਜਤ 'ਤੇ ਪੜ੍ਹਾਈ ਦਾ ਬਹੁਤ ਬੋਝ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
(For more news apart from Kapurthala PTU student committed suicide in hostel News in Punjabi, stay tuned to Rozana Spokesman)