
ਸਰਕਾਰੀ ਅੰਕੜਿਆਂ ਨੇ ਪੁਲਿਸ ਵਿਭਾਗ ਦੀ ਅੰਦਰਲੀ ਪੋਲ ਖੋਲ੍ਹ ਦਿਤੀ ਹੈ ਅਤੇ ਸੱਚ ਸਾਹਮਣੇ ਆਉਣ ਨਾਲ ਹੁਣ ਵਿਭਾਗ ਅੰਦਰੋਂ ਖੋਖਲਾ ਹੋ ਕੇ ਰਹਿ ਗਿਆ ਲਗਦਾ ਹੈ.............
ਚੰਡੀਗੜ੍ਹ : ਸਰਕਾਰੀ ਅੰਕੜਿਆਂ ਨੇ ਪੁਲਿਸ ਵਿਭਾਗ ਦੀ ਅੰਦਰਲੀ ਪੋਲ ਖੋਲ੍ਹ ਦਿਤੀ ਹੈ ਅਤੇ ਸੱਚ ਸਾਹਮਣੇ ਆਉਣ ਨਾਲ ਹੁਣ ਵਿਭਾਗ ਅੰਦਰੋਂ ਖੋਖਲਾ ਹੋ ਕੇ ਰਹਿ ਗਿਆ ਲਗਦਾ ਹੈ। ਪੰਜਾਬ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਡਿਜੀਟਲ ਰਿਕਾਰਡ ਮੁਤਾਬਕ ਸੂਬੇ ਵਿਚ ਪੁਲਿਸ ਦੀ ਕੁਲ ਨਫ਼ਰੀ 81933 ਹੈ। ਜਦੋਂਕਿ 80 ਹਜ਼ਾਰ 'ਰਜਿਸਟਰਡ ਕਰਿਮੀਨਲਜ਼' ਹਨ। ਕੁਲ ਨਫ਼ਰੀ ਵਿਚੋਂ 13 ਹਜ਼ਾਰ ਤੋਂ ਵੱਧ ਮੁਲਾਜ਼ਮ ਕੰਮ ਕਰਨ ਲਈ ਅਨਫਿਟ ਹਨ ਜਾਂ ਅਸਾਮੀਆਂ ਭਰਨ ਖੁਣੋਂ ਪਈਆਂ ਹਨ। ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੇ ਮੁਲਾਜ਼ਮਾਂ ਦੀ ਕੁਲ ਸੰਖਿਆ 81933 ਹੈ, ਇਨ੍ਹਾਂ ਵਿਚੋਂ 9 ਡਾਇਰੈਕਟਰ ਜਨਰਲ ਪੁਲਿਸ
(ਡੀ.ਜੀ.ਪੀ.), 20 ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.), 35 ਇੰਸਪੈਕਟਰ ਜਨਰਲ ਪੁਲਿਸ (ਆਈ.ਜੀ.), 11 ਡਿਪਟੀ ਜਨਰਲ ਪੁਲਿਸ (ਏ.ਆਈ.ਜੀ.) ਅਤੇ 270 ਸੀਨੀਅਰ ਸੁਪਰਡੈਂਟ (ਐਸ.²ਪੀ.) ਹਨ। ਡਿਪਟੀ ਸੁਪਰਡੈਂਟ ਪੁਲਿਸ (ਡੀ.ਐਸ.ਪੀ.) 380, ਇੰਸਪੈਕਟਰ 980, ਸਬ ਇੰਸਪੈਕਟਰ 2727, ਸਹਾਇਕ ਸਬ ਇੰਸਪੈਕਟਰ 4933, 12251 ਹੌਲਦਾਰ ਅਤੇ 60317 ਸਿਪਾਹੀ ਹਨ। ਇਸ ਤੋਂ ਬਿਨਾਂ ਇੰਸਪੈਕਟਰ ਦੀਆਂ 313, ਸਬ ਇੰਸਪੈਕਟਰ ਦੀ 323, ਸਹਾਇਕ ਸਬ ਇੰਸਪੈਕਟਰ ਦੀਆਂ 1432 ਅਤੇ ਸਿਪਾਹੀਆਂ ਦੀਆਂ 3409 ਅਸਾਮੀਆਂ ਭਰਨ ਖੁਣੋਂ ਲਮਕਦੀਆਂ ਆ ਰਹੀਆਂ ਹਨ।
ਮਿਲੇ ਹੋਰ ਦਿਲਚਸਪ ਅਤੇ ਚਿੰਤਾਜਨਕ ਅੰਕੜਿਆਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ 1700 ਪੁਲਿਸ ਮੁਲਾਜ਼ਮ ਬਲੱਡ ਪ੍ਰੈਸਰ ਦੀ ਬੀਮਾਰੀ ਤੋਂ ਦੁਖਦ ਹੋ ਗਏ ਹਨ। ਹੈਪੇਟਾਈਟਸ ਬੀ ਦੀ ਬਿਮਾਰੀ ਨੇ 91 ਅਤੇ ਹੈਪੇਟਾਈਟਸ ਸੀ ਦੀ ਬਿਮਾਰੀ ਨੇ 260 ਨੂੰ ਆਪਣੀ ਲਪੇਟ 'ਚ ਲਿਆ ਹੈ। ਗੁਰਦੇ ਖਰਾਬ ਹੋਣ ਦੀ ਗੰਭੀਰ ਬਿਮਾਰੀ ਤੋਂ 7 ਅਤੇ 17 ਨੂੰ ਦਿਲ ਰੋਗ ਨੇ ਘੇਰ ਰਖਿਆ ਹੈ। ਹੋਰ ਤਾਂ ਹੋਰ 359 ਅਨੀਮੀਆ (ਖ਼ੂਨ ਘੱਟ) ਦੀ ਬਿਮਾਰੀ ਤੋਂ ਪੀੜਤ ਹਨ ਅਤੇ 1496 ਹੋਰਾਂ ਦਾ ਕਲੈਸਟਰੋਲ (ਗਾੜਾ ਖ਼ੂਨ) ਵੱਧ ਹੈ। ਜ਼ਿਗਰ ਰੋਗ ਦਾ 496 ਅਤੇ ਯੂਰਿਕ ਐਸਿਡ ਦਾ 525 ਪੁਲਿਸ ਕਰਮੀ ਦੁਖ ਪਾ ਰਹੇ ਹਨ।
ਤਿੰਨ ਨੂੰ ਲਾਇਲਾਜ ਬਿਮਾਰੀ ਕੈਂਸਰ ਦਾ ਰੋਗ ਲੱਗਾ ਹੋਇਆ ਹੈ ਅਤੇ 42 ਹੋਰ ਐਚ.ਆਈ.ਵੀ. ਪੀੜਤ ਹਨ। ਇਹ ਡਿਊਟੀ ਦੇਣ ਤੋਂ ਅਣਫਿਟ ਸਮਝੇ ਜਾਂਦੇ ਹਨ। ਇਸ ਤਰ੍ਹਾਂ ਕੁਲ 81933 ਮੁਲਾਜ਼ਮਾਂ ਵਿਚੋਂ 78837 ਨਫ਼ਰੀ ਰਹਿ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਵੀ.ਆਈ.ਪੀ. ਡਿਊਟੀ ਵਜਾ ਰਹੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਹਰ ਰੋਜ਼ ਅਚਨਚੇਤ ਛੁੱਟੀ ਲੈ ਜਾਂਦੇ ਹਨ। ਇਸ ਤਰ੍ਹਾਂ ਕੁਲ ਮਿਲਾ ਕੇ ਵੇਖੀਏ ਤਾਂ ਪੰਜਾਬ ਪੁਲਿਸ ਨਾਲੋਂ ਰਜਿਸਟਰਡ ਕਰੀਮੀਨਲਾਂ ਦੀ ਗਿਣਤੀ ਦੋ ਤੋਂ ਢਾਈ ਗੁਣਾ ਜ਼ਿਆਦਾ ਹੈ। ਅਣਰਜਿਸਟਰਡ ਕਰੀਮੀਨਲਜ਼ ਹਜ਼ਾਰਾਂ ਦੀ ਗਿਣਤੀ ਵਿਚ ਵੱਖਰੇ ਹਨ।
ਇਹੋ ਵਜ੍ਹਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ 'ਤੇ ਸਵਾਲ ਉਠਾਏ ਜਾ ਰਹੇ ਹਨ ਅਤੇ ਆਮ ਲੋਕ ਆਪਣੀ ਸੁਰੱਖਿਆ ਰੱਬ ਭਰੋਸੇ ਸਮਝਣ ਲੱਗੇ ਹਨ।
ਪੰਜਾਬ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਮੰਨਿਆ ਹੈ ਕਿ ਪੰਜਾਬ ਪੁਲਿਸ ਦਾ ਡਿਜ਼ੀਟਲ ਕਾਰਡ ਜਨਤਕ ਹੋਣ ਤੋਂ ਬਾਅਦ ਕਹਿਣ ਨੂੰ ਕੁਝ ਨਹੀਂ ਰਹਿ ਜਾਂਦਾ ਹੈ। ਉਂਝ ਉਨ੍ਹਾਂ ਨੇ ਨਫ਼ਰੀ ਘੱਟ ਹੋਣ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ ਦੇ ਢੁਕਵੇਂ ਬੰਦੋਬਸਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦਾ ਦਾਅਵਾ ਕੀਤਾ ਹੈ।