ਕਿਹਾ, “ਰਿਸ਼ਵਤ ਜਾਂ ਸਿਫ਼ਾਰਸ਼ਾਂ ਨਾਲ ਨਹੀਂ ਸਗੋਂ ਡੰਡੇ ਖਾ ਕੇ ਅਤੇ ਜੇਲਾਂ ਕੱਟ ਕੇ ਮਿਲੀ ਸਫ਼ਲਤਾ”
ਚੰਡੀਗੜ੍ਹ (ਸੁਮਿਤ ਸਿੰਘ/ਕਮਲਜੀਤ ਕੌਰ): ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ 12,710 ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਸੌਂਪੇ ਗਏ। ਇਸ ਦੌਰਾਨ ਅਧਿਆਪਕ ਇੰਨੇ ਜ਼ਿਆਦਾ ਖੁਸ਼ ਸਨ ਕਿ ਉਹ ਅਪਣੇ ਹੰਝੂ ਨਹੀਂ ਰੋਕ ਸਕੇ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਲੜਾਈ ਰਿਸ਼ਵਤ ਜਾਂ ਸਿਫ਼ਾਰਸ਼ਾਂ ਨਾਲ ਨਹੀਂ ਸਗੋਂ ਡੰਡੇ ਖਾ ਕੇ, ਭੁੱਖੇ ਢਿੱਡ ਟੈਂਕੀਆਂ 'ਤੇ ਚੜ੍ਹ ਕੇ ਅਤੇ ਜੇਲਾਂ ਕੱਟ ਕੇ ਮਿਲੀ ਹੈ। ਅੱਜ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਾਡੇ ਨਾਂਅ ਨਾਲੋਂ ‘ਕੱਚਾ’ ਸ਼ਬਦ ਹਟ ਗਿਆ।
ਇਹ ਵੀ ਪੜ੍ਹੋ: ਮੁਹੱਰਮ ਮੌਕੇ ਚੰਡੀਗੜ੍ਹ ਵਿਚ ਭਲਕੇ ਛੁੱਟੀ ਦਾ ਐਲਾਨ
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਇਕ ਅਧਿਆਪਕਾ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਦਿਨ ਦੀ ਬਿਲਕੁਲ ਵੀ ਆਸ ਨਹੀਂ ਸੀ। ਉਨ੍ਹਾਂ ਕਿਹਾ ਕਿ ਧਰਨਿਆਂ ਦੌਰਾਨ ਅਕਸਰ ਸਾਰਿਆਂ ਦੀਆਂ ਅੱਖਾਂ ਵਿਚ ਦੁੱਖ ਦੇ ਹੰਝੂ ਹੁੰਦੇ ਸੀ ਪਰ ਅੱਜ ਖੁਸ਼ੀ ਕਾਰਨ ਸੱਭ ਦੀਆਂ ਅੱਖਾਂ ਭਰ ਆਈਆਂ। ਹੁਣ ਅਸੀਂ ਅਪਣੇ ਘਰ ਜਾ ਕੇ ਮਾਣ ਨਾਲ ਇਹ ਕਹਿ ਸਕਾਂਗੇ ਕਿ ਅਸੀਂ ਪੱਕੇ ਹੋ ਗਏ ਹਾਂ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ‘ਗਊ ਰਕਸ਼ਕਾਂ’ ਵਲੋਂ ਕੀਤੇ ਜਾ ਰਹੇ ਕਤਲਾਂ ਵਿਰੁਧ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
ਭਾਵੁਕ ਹੋਈ ਅਧਿਆਪਕਾ ਨੇ ਦਸਿਆ, “ਅਸੀਂ ਇੰਨਾ ਜ਼ਿਆਦਾ ਸੰਘਰਸ਼ ਕੀਤਾ ਕਿ ਕਦੀ ਨਹਿਰਾਂ ਵਿਚ ਛਾਲਾਂ ਮਾਰੀਆਂ ਤੇ ਕਦੇ ਟਾਵਰਾਂ ਉਤੇ ਚੜ੍ਹੇ ਪਰ ਇਸ ਸਰਕਾਰ ਦੌਰਾਨ ਧਰਨਾ ਲਗਾਉਣ ਦੀ ਨੌਬਤ ਵੀ ਨਹੀਂ ਆਈ। ਅਜਿਹਾ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਨੇ ਸਾਰੀਆਂ 11 ਮੀਟਿੰਗਾਂ ਦੀ ਖ਼ੁਦ ਅਗਵਾਈ ਕੀਤੀ ਅਤੇ ਅਪਣਾ ਵਾਅਦਾ ਨਿਭਾਇਆ”। ਉਨ੍ਹਾਂ ਦਸਿਆ ਕਿ, “ਸਾਡੇ ਅਪਣੇ ਬੱਚੇ ਵੀ ਕਹਿਣ ਲੱਗ ਪਏ ਸੀ ਕਿ ਤੁਸੀਂ ਪੱਕੇ ਕਿਉਂ ਨਹੀਂ ਹੋਏ। ਜਦੋਂ ਜੇਲਾਂ ਕੱਟੀਆਂ ਤਾਂ ਸਾਡੇ ਬੱਚਿਆਂ ਨੂੰ ਲੋਕ ਕਹਿੰਦੇ ਸੀ ਕਿ ਤੁਹਾਡੀ ਮਾਂ ਤਾਂ ਜੇਲ ਕੱਟ ਕੇ ਆਈ ਹੈ। ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਸਾਨੂੰ ਇਨਸਾਫ਼ ਮਿਲਿਆ ਹੈ ਅਤੇ ਸਰਕਾਰ ਨੇ ਸਾਡੀ ਬਾਂਹ ਫੜੀ”।
ਇਹ ਵੀ ਪੜ੍ਹੋ: ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ 6 ਮਾਮਲਿਆਂ ’ਚ ਅਜੇ ਤਕ ਕੋਈ ਗ੍ਰਿਫ਼ਤਾਰ ਨਹੀਂ ਕੀਤੀ : ਅਧਿਕਾਰੀ
ਪਿਛਲੀਆਂ ਸਰਕਾਰਾਂ ਦੀ ਨਿਖੇਧੀ ਕਰਦਿਆਂ ਅਧਿਆਪਕਾ ਨੇ ਕਿਹਾ, “ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਤਾਂ ਦੋਵੇਂ ਮਾੜੀਆਂ ਸਨ, ਜਿਨ੍ਹਾਂ ਨੂੰ ਹਮੇਸ਼ਾ ‘ਮੁਰਦਾਬਾਦ’ ਕਿਹਾ ਗਿਆ ਪਰ ਅੱਜ ਮਾਨ ਸਰਕਾਰ ਦੌਰਾਨ ਪਹਿਲੀ ਵਾਰ ਅਸੀਂ ‘ਜ਼ਿੰਦਾਬਾਦ’ ਦਾ ਨਾਅਰਾ ਲਗਾਇਆ। ਇਹ ਆਵਾਜ਼ ਦਿਲ ’ਚੋਂ ਆਈ ਹੈ ਅਤੇ ਮਾਨ ਸਰਕਾਰ ਹਮੇਸ਼ਾ ‘ਜ਼ਿੰਦਾਬਾਦ’ ਰਹੇਗੀ। ਸਾਡੇ ਬੱਚਿਆਂ ਨੂੰ ਵੀ ਇਸ ਸਰਕਾਰ ਉਤੇ ਮਾਣ ਮਹਿਸੂਸ ਹੋ ਰਿਹਾ ਹੈ”।
ਇਹ ਵੀ ਪੜ੍ਹੋ: ਮਨੀਪੁਰ ਪੁਲਿਸ ਨੇ ਪੀੜਤ ਔਰਤਾਂ ਨਾਲ ਕੀਤੀ ਮੁਲਾਕਾਤ, ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ
ਇਕ ਹੋਰ ਅਧਿਆਪਕ ਨੇ ਦਸਿਆ ਕਿ ਉਨ੍ਹਾਂ ਨੇ ਪਿਛਲੇ 20 ਸਾਲਾਂ ਤੋਂ ਬਹੁਤ ਔਖਾ ਸਮਾਂ ਦੇਖਿਆ ਅਤੇ ਪੱਕੇ ਹੋਣ ਲਈ ਸੰਘਰਸ਼ ਕੀਤਾ। ਨਿਗੂਣੀਆਂ ਤਨਖਾਹਾਂ ਕਾਰਨ ਪ੍ਰਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਸਕੂਲਾਂ ਵਿਚ ਡਿਊਟੀ ਤੋਂ ਬਾਅਦ ਕੋਈ ਅਧਿਆਪਕ ਰੇਹੜੀ ਲਗਾਉਂਦਾ ਸੀ ਜਾਂ ਕੋਈ ਹੋਰ ਮਜ਼ਦੂਰੀ ਦਾ ਕੰਮ ਕਰਦੇ ਸੀ। ਕਈ ਔਰਤਾਂ ਤਾਂ ਪੋਚੇ ਲਗਾਉਣ ਦਾ ਕੰਮ ਵੀ ਕਰਦੀਆਂ ਸੀ, ਮਾਨ ਸਰਕਾਰ ਨੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਅਸੀਂ ਹਮੇਸ਼ਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਣੀ ਰਹਾਂਗੇ।