
ਹਰਮਨਬੀਰ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਚੌਹਾਨ ਡੀ.ਜੀ.ਪੀ. ਨੂੰ ਰੀਪੋਰਟ ਕਰਨਗੇ ਅਤੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਹੁਕਮ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਐਸ.ਪੀ. ਤਰਨ ਤਾਰਨ ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਦੀ ਥਾਂ ਭਾਗੀਰਥ ਸਿੰਘ ਮੀਨਾ ਨੂੰ ਚਾਰਜ ਦਿਤਾ ਗਿਆ ਹੈ। ਜਦਕਿ ਤਰਨ ਤਾਰਨ ਦੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਦੀ ਥਾਂ ਅਸ਼ਵਨੀ ਕਪੂਰ ਨੂੰ ਚਾਰਜ ਸੌਂਪਿਆ ਗਿਆ।
ਹਰਮਨਬੀਰ ਸਿੰਘ ਗਿੱਲ ਦੇ ਤਬਾਦਲੇ ਦੀ ਮੰਗ ਵਕੀਲ ਭਾਈਚਾਰੇ ਵਲੋਂ ਵਕੀਲ ਤਸ਼ੱਦਦ ਮਾਮਲੇ ਵਿਚ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਫ਼ਰੀਦਕੋਟ ਦੇ ਆਈ.ਜੀ.ਪੀ. ਅਜੇ ਮਲੂਜਾ ਦਾ ਵੀ ਤਬਾਦਲਾ ਕਰ ਦਿਤਾ ਗਿਆ ਹੈ, ਉਨ੍ਹਾਂ ਦੀ ਥਾਂ ਗੁਰਸ਼ਰਨ ਸਿੰਘ ਸੰਧੂ ਨੂੰ ਚਾਰਜ ਸੌਂਪਿਆ ਗਿਆ। ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਕੌਸਤੁਭ ਸ਼ਰਮਾ ਦੀ ਥਾਂ ਆਈ.ਪੀ.ਐਸ. ਧੰਨਪ੍ਰੀਤ ਕੌਰ ਨੂੰ ਚਾਰਜ ਦਿਤਾ ਗਿਆ ਹੈ। ਮੁਖਵਿੰਦਰ ਸਿੰਘ ਛੀਨਾ ਨੂੰ ਏ.ਡੀ.ਜੀ.ਪੀ. ਪਟਿਆਲਾ ਰੇਂਜ ਲਗਾਇਆ ਗਿਆ।
ਤਰਨ ਤਾਰਨ ਦੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਦੀ ਬਦਲੀ ਉਨ੍ਹਾਂ ਵਲੋਂ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਨਾਲ ਕੀਤੀ ਕੁੱਟਮਾਰ ਦੀ ਨਤੀਜਾ ਮੰਨੀ ਜਾ ਰਹੀ ਹੈ। ਮਨਜਿੰਦਰ ਸਿੰਘ ਲਾਲਪੁਰਾ ਨੇ ਐਸ.ਐਸ.ਪੀ. ਵਿਰੁਧ ਫ਼ੇਸਬੁੱਕ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਉਸ ਨੇ ਉਨ੍ਹਾਂ ਦੇ ਜੀਜੇ ’ਤੇ ਝੂਠਾ ਕੇਸ ਬਣਾਇਆ ਹੈ।
ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਕੌਸਤੁਭ ਸ਼ਰਮਾ, ਹਰਮਨਬੀਰ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਚੌਹਾਨ ਡੀ.ਜੀ.ਪੀ. ਨੂੰ ਰੀਪੋਰਟ ਕਰਨਗੇ ਅਤੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਹੁਕਮ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।