
ਸਮੂਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਵਿਰੁਧ ਕੀਤਾ ਜਾਵੇਗਾ ਤਿੱਖਾ ਸੰਘਰਸ਼ : ਰਾਜੇਵਾਲ
ਦੇਸ਼ ਦੀਆਂ 260 ਜਥੇਬੰਦੀਆਂ ਦਾ ਇਕ ਮੰਚ ਤੇ ਇਕੱਠੇ ਹੋਣਾ ਕਿਸਾਨੀ ਸੰਘਰਸ਼ ਲਈ ਸ਼ੁਭ ਸੰਕੇਤ
ਮੁਹਾਲੀ, 27 ਅਕਤੂਬਰ (ਚਰਨਜੀਤ ਸਿੰਘ ਸੁਰਖਾਬ) : ਕੇਂਦਰ ਸਰਕਾਰ ਵਿਰੁਧ ਚਲ ਰਹੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਅੱਜ ਦੇਸ਼ ਦੀਆਂ 260 ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਚ ਸਾਂਝੇ ਤੌਰ 'ਤੇ ਇਕ ਮੀਟਿੰਗ ਕੀਤੀ। ਇਸੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਪ੍ਰਧਾਨ ਨੇ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕ ਮੰਚ 'ਤੇ ਇਕੱਠੇ ਹੋਣ 'ਤੇ ਵਧਾਈ ਦਿੰਦਿਆਂ ਕਿਹਾ ਕੇਂਦਰ ਸਰਕਾਰ ਵਿਰੁਧ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁਟ ਹੋਈਆਂ ਹਨ ਜੋ ਕਿਸਾਨੀ ਸੰਘਰਸ਼ ਲਈ ਸ਼ੁਭ ਸੰਕੇਤ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁਧ ਅਤੇ ਕੇਂਦਰ ਵਲੋਂ ਮੂੰਹ ਜ਼ੁਬਾਨੀ ਮਾਲ ਗੱਡੀਆਂ ਨੂੰ ਰੋਕਣ ਦੇ ਹੁਕਮਾਂ ਵਿਰੁਧ 5 ਨਵੰਬਰ ਨੂੰ ਪੂਰੇ ਦੇਸ਼ ਵਿਚ 12 ਤੋਂ 4 ਵਜੇ ਤਕ ਆਵਾਜਾਈ ਨੂੰ ਰੋਕ ਕੇ ਪੂਰੇ ਦੇਸ਼ ਨੂੰ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨਗੀਆਂ ਜਿਸ ਲਈ ਹੁਣੇ ਹੀ 26 ਨਵੰਬਰ ਨੂੰ ਦਿੱਲੀ ਚਲੋ ਦੀ ਕਾਲ ਦੇ ਦਿਤੀ ਗਈ ਹੈ। ਇਸ ਲਈ 5 ਮੈਂਬਰੀ ਕਮੇਟੀ ਵੀ ਬਣਾਈ ਹੈ ਜਿਸ ਵਿਚ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਗੁਰਨਾਮ ਸਿੰਘ, ਸਰਦਾਰ ਬੀਐਮਸੀ, ਰਾਜੂ ਸ਼ੇਟੀ ਸਾਬਕਾ ਐਮਪੀ ਮਹਾਰਾਸ਼ਟਰ, ਯੋਗਿੰਦਰ ਯਾਦਵ ਦੇ ਨਾਮ ਸ਼ਾਮਲ ਹਨ ਜੋ ਸਾਰੇ ਸੰਘਰਸ਼ ਨੂੰ ਤਾਲਮੇਲ ਕਰਨ ਵਿਚ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸਭਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਜਥੇਬੰਦੀਆਂ ਵਿਚ ਆਪਸੀ ਮਤਭੇਦ ਦੇ ਸਵਾਲ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ। ਉਨ੍ਹਾਂ ਰਿਲਾਇੰਸ ਪੰਪ ਡੀਲਰਾਂ ਨਾਲ ਕੋਈ ਮੀਟਿੰਗ ਕਰ ਕੇ ਸੰਪਰਕ ਦੇ ਸਵਾਲ 'ਤੇ ਕਿਹਾ ਕਿ ਅਜੇ ਸਾਡਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।image
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ।