
ਸੌਦਾ ਸਾਧ ਨੇ ਰਚਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ...
ਚੰਡੀਗੜ੍ਹ : ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਇੱਕ ਹੋਰ ਕੇਸ ਖੋਲ੍ਹੇ ਜਾਣ ਦੀ ਮੰਗ ਉੱਠ ਰਹੀ ਹੈ ਜਿਸ ਨਾਲ ਸੌਦਾ ਸਾਧ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਦਰਅਸਲ ਦਰਬਾਰ ਏ ਖਾਲਸਾ ਦੇ ਮੁਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਮੁੱਖ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੌਦਾ ਸਾਧ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਮਾਮਲਾ ਮੁੜ ਖੁਲੇ ਜਾਣ ਦੀ ਮੰਗ ਕੀਤੀ ਹੈ।
Ram Rahim
ਪੱਤਰ ਵਿਚ ਉਨ੍ਹਾਂ ਕਿਹਾ ਕਿ ਰਾਮ ਰਹੀਮ ਵੱਲੋਂ ਮਈ 2007 ਵਿਚ ਆਪਣੇ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਜਿਸ ਕਾਰਨ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਸ ਖਿਲਾਫ ਮਈ 2007 ਵਿਚ ਥਾਣਾ ਥਰਮਲ ਕਾਲੋਨੀ ਬਠਿੰਡਾ ਵਿਚ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਆਈ ਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਪਰ ਸਾਧ ਨੂੰ ਦੋਸ਼ੀ ਪਾਏ ਜਾਣ ਦੇ ਬਾਵਜੂਦ ਵੀ ਅਦਾਲਤ ਵਿਚ ਚਲਾਣ ਪੇਸ਼ ਨਹੀਂ ਕੀਤਾ ਗਿਆ ਸੀ।
Gurmeet Ram Rahim
ਰਾਮ ਰਹੀਮ ਵੱਲੋਂ ਇਸ ਮਾਮਲੇ ਵਿਚ ਹਾਈਕੋਰਟ 'ਚ ਇੱਕ ਪਟੀਸ਼ਨ ਪਾਈ ਗਈ ਸੀ ਜਿਸਦੇ ਜੁਆਬ ਵਿਚ ਉਸ ਵੇਲੇ ਦੇ ਬਠਿੰਡਾ ਐੱਸ.ਐੱਸ.ਪੀ ਨੌਨਿਹਾਲ ਸਿੰਘ ਨੇ ਕੋਰਟ ਵਿਚ ਹਲਫਨਾਮਾ ਦਾਖਿਲ ਕੀਤਾ ਸੀ ਕਿ ਸਾਧ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ। ਇਸ ਤੋਂ ਅੱਗੇ ਲਿਖਿਆ ਪੁਲਿਸ ਨੇ ਅਦਾਲਤ ਵਿਚ ਇਸ ਕੇਸ ਦੇ ਸ਼ਿਕਾਇਤਕਰਤਾ ਅਕਾਲੀ ਕੌਂਸਲਰ ਰਾਜਿੰਦਰ ਸਿੰਘ ਸਿੱਧੂ ਵੱਲੋਂ ਦਸਤਖਤ ਕੀਤਾ ਅਫੀਡੇਵਿਟ ਵੀ ਪੇਸ਼ ਕੀਤਾ ਸੀ ਕਿ ਸਲਾਬਤਪੁਰਾ ਵਾਲੇ ਇਕੱਠ ਵਿਚ ਸ਼ਾਮਿਲ ਨਹੀਂ ਸੀ।
Ram Rahim
ਪਰ ਪੁਲਿਸ ਦਾ ਝੂਠ ਉਸ ਵੇਲੇ ਨੰਗਾ ਹੋ ਗਿਆ ਜਦੋ ਸ਼ਿਕਾਇਤਕਰਤਾ ਨੇ ਬਾਅਦ ਵਿਚ ਅਦਾਲਤ 'ਚ ਪੇਸ਼ ਹੋ ਕੇ ਦੱਸਿਆ ਕਿ ਅਫੀਡੇਵਿਟ ਤੇ ਉਦੇ ਦਸਤਖਤ ਹੀ ਨਹੀਂ ਸੀ। ਇਸ ਦੌਰਾਨ ਜੁਲਾਈ 2014 ਵਿਚ ਰਾਮ ਰਹੀਮ ਨੇ ਬਠਿੰਡੇ ਦੀ ਸੈਸ਼ਨ ਕੋਰਟ ਵਿਚ ਇਕ ਹੋਰ ਅਰਜ਼ੀ ਪਾ ਦਿੱਤੀ ਅਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸਨੂੰ ਬਰੀ ਕੀਤਾ ਜਾਵੇ ਅਖੀਰ ਬਠਿੰਡਾ ਸੈਸ਼ਨ ਕੋਰਟ ਨੇ ਇਸ ਅਧਾਰ 'ਤੇ ਉਸਨੂੰ ਕੇਸ ਵਿੱਚੋ ਡਿਸਚਾਰਜ ਕਰ ਦਿੱਤਾ।
Ram Rahim
ਖੈਰ ਹੁਣ ਦੋਹਾਂ ਸੰਗਠਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕੇਸ ਨੂੰ ਮੁੜ ਖੋਲ ਕੇ ਇਸਦੀ ਗਹਿਰਾਈ ਵਿਚ ਜਾਂਚ ਕੀਤੀ ਜਾਵੇ। ਇਸ ਜਾਂਚ ਨਾਲ ਉਸ ਸਮੇਂ ਪੁਲਿਸ ਵੱਲੋਂ ਰਾਮ ਰਹੀਮ ਖਿਲਾਫ ਅਦਾਲਤ ਵਿਚ ਚਲਾਣ ਨਾ ਪੇਸ਼ ਕਰਨ ਜਾਣਬੁਝ ਕੇ ਬਚਾਉਣ ਦੀ ਸਾਜਿਸ਼ ਬੇਨਕਾਬ ਹੋ ਸਕਦੀ ਹੈ।