
ਪੂਰਬੀ ਲੱਦਾਖ਼ ’ਚ ਪਿਛਲੇ ਸਾਲ ਹੋਈਆਂ ਘਟਨਾਵਾਂ ਨੇ ਚੀਨ ਨਾਲ ਸਬੰਧਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ: ਜੈਸ਼ੰਕਰ
ਕਿਹਾ, ਜੋ ਸਮਝੌਤੇ ਹੋਏ ਹਨ, ਉਨ੍ਹਾਂ ਦੀ ਪੂਰੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ
ਨਵੀਂ ਦਿੱਲੀ, 28 ਜਨਵਰੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਨਾਲ ਸਰਹੱਦੀ ਰੇੜਕੇ ’ਤੇ ਵੀਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ਼ ਵਿਚ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਅਤੇ ਸਬੰਧਾਂ ਨੂੰ ਅੱਗੇ ਤਾਂ ਹੀ ਵਧਾਇਆ ਜਾ ਸਕਦਾ ਹੈ, ਜਦੋਂ ਉਹ ਆਪਸੀ ਸਨਮਾਨ, ਸੰਵੇਦਨਸ਼ੀਲਤਾ, ਸਾਂਝੇ ਹਿਤ ਵਰਗੀਆਂ ਦਿਲਚਸਪੀਆਂ ਉੱਤੇ ਆਧਾਰਤ ਹੋਵੇ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਬੰਧ ਇਕ ਲਾਂਘੇ ’ਤੇ ਹਨ ਅਤੇ ਇਸ ਸਮੇਂ ਚੁਣੇ ਗਏ ਬਦਲਾਂ ਦਾ ਨਾ ਸਿਰਫ਼ ਦੋਵਾਂ ਦੇਸ਼ਾਂ ਸਗੋਂ ਪੂਰੀ ਦੁਨੀਆਂ ’ਤੇ ਅਸਰ ਪਏਗਾ।
ਚੀਨੀ ਸਟੱਡੀਜ਼ ’ਤੇ 13 ਵੀਂ ਆਲ ਇੰਡੀਆ ਕਾਨਫ਼ਰੰਸ ਨੂੰ ਡਿਜੀਟਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸਾਲ 2020 ਦੀਆਂ ਘਟਨਾਵਾਂ ਨੇ ਸਾਡੇ ਸਬੰਧਾਂ ’ਤੇ ਸੱਚਮੁੱਚ ਵਿਚ ਅਸਿੱਧਾ ਦਬਾਅ ਵਧਾਇਆ ਹੈ। ਪੂਰਬੀ ਲੱਦਾਖ਼ ਦੇ ਰੇੜਕੇ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੂਰਬੀ ਲੱਦਾਖ਼ ਵਿਚ ਵਾਪਰੀਆਂ ਘਟਨਾਵਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।
ਜੈਸ਼ੰਕਰ ਨੇ ਕਿਹਾ ਕਿ ਜੋ ਸਮਝੌਤੇ ਹੋਏ ਹਨ, ਉਨ੍ਹਾਂ ਦੀ ਪੂਰੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਥਿਤੀ ਨੂੰ ਬਦਲਣ ਦੀ ਕੋਈ ਇਕਪਾਸੜ ਕੋਸ਼ਿਸ਼ ਮਨਜ਼ੂਰ ਨਹੀਂ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਨੇ (ਲੱਦਾਖ਼ ਵਿਚ ਵਾਪਰੀਆਂ ਘਟਨਾਵਾਂ) ਨਾ ਸਿਰਫ਼ ਸੈਨਿਕਾਂ ਦੀ ਗਿਣਤੀ ਘਟਾਉਣ ਦੀ ਵਚਨਬੱਧਤਾ ਦਾ ਅਪਮਾਨ ਕੀਤਾ, ਸਗੋਂ ਸ਼ਾਂਤੀ ਭੰਗ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ।
ਜੈਸ਼ੰਕਰ ਨੇ ਕਿਹਾ ਕਿ ਸਾਨੂੰ ਅਜੇ ਵੀ ਚੀਨੀ ਰਵਈਏ ਵਿਚ ਤਬਦੀਲੀ ਅਤੇ ਸਰਹੱਦੀ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਫ਼ੌਜਾਂ ਦੀ ਤਾਇਨਾਤੀ ਬਾਰੇ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਮਿਲਿਆ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਰਖਣਾ ਚੀਨ ਨਾਲ ਸਬੰਧਾਂ ਦੇ ਸਰਬਪੱਖੀ ਵਿਕਾਸ ਦਾ ਆਧਾਰ ਹੈ ਅਤੇ ਜੇਕਰ ਇਸ ਵਿਚ ਕੋਈ ਦਖ਼ਲਅੰਦਾਜ਼ੀ ਹੁੰਦੀ ਹੈ ਤਾਂ ਇਹ ਬਿਨਾਂ ਸ਼ੱਕ ਬਾਕੀ ਰਿਸ਼ਤੇ ਨੂੰ ਪ੍ਰਭਾਵਤ ਕਰੇਗਾ। (ਪੀਟੀਆਈ)