
ਪੱਟੀ ਹਰੀਕੇ ਮਾਰਗ ਪਿੰਡ ਸੰਗਵਾਂ ਨੇੜੇ ਸਵੇਰੇ ਹੋਏ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ....
ਪੱਟੀ ਹਰੀਕੇ ਮਾਰਗ ਪਿੰਡ ਸੰਗਵਾਂ ਨੇੜੇ ਸਵੇਰੇ ਹੋਏ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।ਜਾਣਕਾਰੀ ਮੁਤਾਬਕ ਇਕ ਘੜੁੱਕੇ 'ਤੇ ਸਵਾਰ ਕੁੱਝ ਲੋਕ ਬੀਤੇ ਦਿਨੀਂ ਸ਼ਾਮ ਨੂੰ ਪੀਰ ਨਿਗਾਹੇ ਵਾਲਾ ਨਕੋਦਰ ਵਿਖੇ ਗਿਆਰਵੀਂ ਵੇਖਣ ਲਈ ਗਏ ਸਨ ਅਤੇ ਅੱਜ ਸਵੇਰੇ ਉਥੋਂ ਵਾਪਸੀ ਲਈ ਚਲੇ ਅਤੇ ਜਦ ਉਹ ਹਰੀਕੇ ਤੋਂ ਪੱਟੀ ਰੋਡ 'ਤੇ ਆ ਰਹੇ ਸਨ ਤਾਂ ਪੱਟੀ ਨਜ਼ਦੀਕ ਹੀ ਪਂੈਦੇ ਪਿੰਡ ਸੰਗਵਾਂ ਨੇੜੇ ਪੱਟੀ ਮੋੜ ਵਲੋਂ ਜਿਪਸਮ ਨਾਲ ਭਰਿਆ ਇਕ ਟਰੱਕ ਹਰੀਕੇ ਵਲ ਨੂੰ ਜਾ ਰਿਹਾ ਸੀ।
ਟਰੱਕ ਅਚਾਨਕ ਬੇਕਾਬੂ ਹੋਣ ਨਾਲ ਸਿੱਧਾ ਘੜੁੱਕੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਘੜੁੱਕੇ 'ਚ ਸਵਾਰ ਵਿਅਕਤੀਆਂ ਵਿਚੋਂ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ (32), ਕਾਲੀ (32), ਰਾਜਾ (25), ਗੁਰਦੇਵ ਸਿੰਘ ਵਜੋਂ ਹੋਈ ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਸੰਨੀ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ। ਟਰੱਕ ਕੰਡਕਟਰ ਬਚਿੱਤਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਟਰੱਕ ਡਰਾਈਵਰ ਸ਼ਮਸੇਰ ਸਿੰਘ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।
ਇਸ ਮੌਕੇ ਪੁਲਿਸ ਥਾਣਾ ਸਦਰ ਪੱਟੀ ਦੇ ਮੁਖੀ ਪ੍ਰੀਤਇੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਟਨਾ ਸਥਾਨ 'ਤੇ ਪੁੱਜ ਕੇ ਜੇਸੀਬੀ ਨਾਲ ਟਰੱਕ ਅਤੇ ਘੜੁੱਕੇ ਨੂੰ ਪਾਸੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥਾਣੇਦਾਰ ਗੁਰਬਖ਼ਸ਼ ਸਿੰਘ ਵਲੋਂ ਘਟਨਾ ਦੀ ਜਾਂਚ ਕਰ ਕੇ ਦੋਸ਼ੀ ਟਰੱਕ ਡਰਾਈਵਰ ਸ਼ਮਸੇਰ ਸਿੰਘ ਵਿਰੁਧ ਪਰਚਾ ਦਰਜਾ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕਾਂ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਜਾ ਰਹੀਆਂ ਹਨ।