12ਵੀਂ ਦੇ ਨਤੀਜੇ ਵਿਚ ਕੁੜੀਆਂ ਨੇ ਮਾਰੀ ਬਾਜ਼ੀ
ਲੁਧਿਆਣਾ ਦੀ ਅਰਸ਼ਦੀਪ ਕੌਰ ਪਹਿਲੇ, ਦੂਜਾ ਅਰਸ਼ਪ੍ਰੀਤ ਕੌਰ ਅਤੇ ਤੀਜੇ ਸਥਾਨ 'ਤੇ ਕੁਲਵਿੰਦਰ ਕੌਰ ਰਹੀ
ਐਸ.ਏ.ਐਸ.ਨਗਰ, 28 ਜੂਨ (ਸੁਖਦੀਪ ਸਿੰਘ ਸੋਈ): ਅੱਜ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਪਹਿਲਾ ਸਥਾਨ ਅਰਸ਼ਦੀਪ ਕੌਰ ਪੁੱਤਰੀ ਗੁਰਮੀਤ ਸਿੰਘ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ), ਦੂਜਾ ਸਥਾਨ ਅਰਸ਼ਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਛੋਆਣਾ (ਮਾਨਸਾ) ਅਤੇ ਤੀਜਾ ਸਥਾਨ ਕੁਲਵਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫ਼ਰੀਦਕੋਟ) ਨੇ ਪ੍ਰਾਪਤ ਕੀਤਾ |
ਕੰਟਰੋਲਰ ਪ੍ਰੀਖਿਆਵਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘੋਸ਼ਿਤ ਹੋਏ ਨਤੀਜਿਆਂ ਅਨੁਸਾਰ ਪ੍ਰੀਖਿਆਰਥੀਆਂ ਦੇ ਸਰਟੀਫ਼ੀਕੇਟ ਵੈੱਬਸਾਈਟ ਅਪਲੋਡ ਹੋਣਗੇ | ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਸਰਟੀਫ਼ੀਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫ਼ਾਰਮ ਵਿਚ ਜ਼ਿਕਰ ਕੀਤਾ ਹੈ, ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫ਼ੀਕੇਟ ਦੀ ਹਾਰਡ ਕਾਪੀ ਸਕੂਲਾਂ ਨੂੰ ਤਿੰਨ-ਚਾਰ ਹਫ਼ਤਿਆਂ ਵਿਚ ਭੇਜ ਦਿਤੀ ਜਾਵੇਗੀ | ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਸੈਸ਼ਨ 2021-22 ਟਰਮ-2 ਦੀ ਪ੍ਰੀਖਿਆ ਦੀ ਰੀ-ਚੈਕਿੰਗ ਅਤੇ ਮੁੜ ਮੁਲਾਂਕਣ ਕਰਵਾਉਣ ਲਈ ਫ਼ਾਰਮ ਅਤੇ ਫ਼ੀਸਾਂ ਦਾ ਸ਼ੈਡਿਊਲ ਵਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ |