1 ਜੂਨ 2013 ਤੋਂ 30 ਅਪ੍ਰੈਲ 2022 ਤਕ ਪੀ.ਟੀ.ਸੀ. ਦੇ ਮੁਲਾਜ਼ਮ ਸਰਾਵਾਂ 'ਚ ਮੁਫ਼ਤ ਮਾਣਦੇ ਰਹੇ ਮੌਜਾਂ
9 ਸਾਲਾਂ ਦਾ ਕਿਰਾਇਆ ਵਸੂਲਣ ਲਈ ਐਸ.ਜੀ.ਪੀ.ਸੀ. ਪ੍ਰਬੰਧਕਾਂ ਵਲੋਂ ਲਿਖੇ ਜਾ ਰਹੇ ਹਨ ਪੱਤਰ
ਚੰਡੀਗੜ੍ਹ (ਕਮਲਜੀਤ ਕੌਰ) : ਬਾਦਲਾਂ ਦਾ ਚੈਨਲ ਪੀ.ਟੀ.ਸੀ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਦਾ 24 ਲੱਖ ਰੁਪਏ ਤੋਂ ਵੱਧ ਦਾ ਦੇਣਦਾਰ ਹੈ। ਇਸ ਦਾ ਖ਼ੁਲਾਸਾ ਰੋਜ਼ਾਨਾ ਸਪੋਕਸਮੈਨ ਦੇ ਹੱਥ ਲੱਗੇ ਇਕ ਪੱਤਰ ਜ਼ਰੀਏ ਹੋਇਆ ਹੈ। ਇਸ ਵਿਚ ਸਾਹਮਣੇ ਆਇਆ ਹੈ ਕਿ ਪੀ.ਟੀ.ਸੀ. ਚੈਨਲ ਦੇ ਮੁਲਾਜ਼ਮ 1 ਜੂਨ 2013 ਤੋਂ 30 ਅਪ੍ਰੈਲ 2022 ਤਕ ਸਰਾਵਾਂ 'ਚ ਮੁਫ਼ਤ ਮੌਜਾਂ ਮਾਣਦੇ ਰਹੇ ਹਨ। ਸਰਾਵਾਂ ਦੇ ਕਮਰਿਆਂ ਦਾ ਕਿਰਾਇਆ ਵਸੂਲਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਲਗਾਤਾਰ ਪੱਤਰ ਲਿਖੇ ਜਾ ਰਹੇ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਪਰਲ ਗਰੁੱਪ ਦੀਆਂ ਜਾਇਦਾਦਾਂ ਕਬਜ਼ੇ 'ਚ ਲੈ ਕੇ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ
ਸਾਹਮਣੇ ਆਏ ਪੱਤਰ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਰਾਣ ਕਰਨ ਵਾਲੇ ਪੀ.ਟੀ.ਸੀ ਚੈਨਲ ਦੇ ਸਟਾਫ਼ ਨੂੰ 1 ਜੂਨ 2013 ਤੋਂ 30 ਅਪ੍ਰੈਲ 2022 ਤਕ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਚ ਦੋ ਕਮਰੇ ਮੁਹਈਆ ਕਰਵਾਏ ਗਏ, ਜਿਨ੍ਹਾਂ ਵਿਚ ਲੰਗਰ ਤੇ ਹੋਰ ਸਹੂਲਤਾਂ ਵੀ ਦਿਤੀਆਂ ਜਾਂਦੀਆਂ ਰਹੀਆਂ। ਇਨ੍ਹਾਂ ਕਮਰਿਆਂ ਦਾ ਕਿਰਾਇਆ 500 ਰੁਪਏ ਪ੍ਰਤੀ ਕਮਰਾ ਹੈ ਪਰ ਚੈਨਲ ਨੇ ਇਨ੍ਹਾਂ ਕਮਰਿਆਂ ਦਾ ਕਿਰਾਇਆ ਦੇਣਾ ਜ਼ਰੂਰੀ ਨਹੀਂ ਸਮਝਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਕੁੱਤਿਆਂ ਨੂੰ ਰੋਟੀ ਪਾਉਣ ਜਾ ਰਹੇ ਬਜ਼ੁਰਗ ਨੂੰ ਕਾਰ ਨੇ ਕੁਚਲਿਆ, ਮੌਤ
ਹੁਣ ਇਹ ਕਿਰਾਇਆ 24, 43,500 ਰੁਪਏ ਬਣ ਗਿਆ। ਚੈਨਲ ਕੋਲੋਂ ਇਹ ਕਿਰਾਇਆ ਵਸੂਲਣ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਪੱਤਰ ਵਿਹਾਰ ਕਰ ਰਹੀ ਹੈ। ਹਾਲ ਹੀ ਵਿਚ ਸਾਹਮਣੇ ਆਇਆ ਇਹ ਪੱਤਰ 26 ਮਈ 2022 ਨੂੰ ਜਾਰੀ ਕੀਤਾ ਗਿਆ ਸੀ ਪਰ ਅਜੇ ਤਕ ਸਰਾਵਾਂ ਨੂੰ 9 ਸਾਲਾਂ ਦਾ ਕਿਰਾਇਆ ਨਹੀਂ ਮਿਲਿਆ। ਵਾਰ-ਵਾਰ ਪੱਤਰ ਲਿਖੇ ਜਾਣ ਦੇ ਬਾਵਜੂਦ ਇਸ ਮਾਮਲੇ ਦੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ। ਇਸ ਮਾਮਲੇ ਨੂੰ ਲੈ ਕੇ ਪੰਥਕ ਗਲਿਆਰਿਆਂ ਵਿਚ ਵੀ ਕਾਫ਼ੀ ਸਵਾਲ ਚੁਕੇ ਜਾ ਰਹੇ ਹਨ।