
ਹੁਣ ਓਪੀਡੀ ਵਿਚ ਅਜਿਹੇ ਮਰੀਜ਼ ਆ ਰਹੇ ਹਨ ਜੋ ਇਨਫੈਕਸ਼ਨ ਦੇ ਬਾਵਜੂਦ ਦਾਖਲ ਨਹੀਂ ਹੋਏ ਸੀ।
ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਲੋਕਾਂ ਦੇ ਸਾਹ ਆਮ ਵਾਂਗ ਨਹੀਂ ਹੋ ਰਹੇ ਹਨ। ਵਿਸ਼ਵ ਹਾਰਟ ਦਿਵਸ 'ਤੇ ਡਾਕਟਰਾਂ ਨੇ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਤੁਰੰਤ ਡਾਕਟਰੀ ਚੈਕਅੱਪ ਕਰਵਾਉਣ ਦੀ ਅਪੀਲ ਕੀਤੀ ਹੈ। ਹਸਪਤਾਲਾਂ ਵਿਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ, ਇਸ ਦਾ ਮੁੱਖ ਕਾਰਨ ਕੋਵਿਡ ਹੈ, ਕਿਉਂਕਿ ਖੂਨ ਦੇ ਗਾੜ੍ਹੇ ਹੋਣ ਨਾਲ ਇਨਫੈਕਸ਼ਨ ਨੇ ਦਿਲ 'ਤੇ ਸਭ ਤੋਂ ਵੱਧ ਹਮਲਾ ਕੀਤਾ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦੀ ਸਮੱਸਿਆ ਵਧ ਗਈ ਹੈ।
ਇਸ ਤੋਂ ਇਲਾਵਾ ਇਨਫੈਕਸ਼ਨ ਦੌਰਾਨ ਕਈ ਲੋਕਾਂ ਨੇ ਬਿਨਾਂ ਡਾਕਟਰੀ ਸਲਾਹ ਤੋਂ ਦਵਾਈ ਲੈ ਲਈ, ਇਸ ਦਾ ਅਸਰ ਦਿਲ 'ਤੇ ਵੀ ਦੇਖਣ ਨੂੰ ਮਿਲਿਆ, ਇਸ ਲਈ ਹੁਣ ਵੈਕਸੀਨ ਦੀ ਡੋਜ਼ ਲੈਣੀ ਜ਼ਰੂਰੀ ਹੈ ਤਾਂ ਜੋ ਇਨਫੈਕਸ਼ਨ ਤੇਜ਼ੀ ਨਾਲ ਨਾ ਫੈਲੇ। ਦੂਜੇ ਪਾਸੇ ਕੋਵਿਡ ਦੌਰਾਨ ਖੂਨ ਗਾੜ੍ਹਾ ਹੋਣ ਦੇ ਮਾਮਲੇ ਵੀ ਦੇਖੇ ਗਏ। ਹੁਣ ਓਪੀਡੀ ਵਿਚ ਅਜਿਹੇ ਮਰੀਜ਼ ਆ ਰਹੇ ਹਨ ਜੋ ਇਨਫੈਕਸ਼ਨ ਦੇ ਬਾਵਜੂਦ ਦਾਖਲ ਨਹੀਂ ਹੋਏ ਸੀ। ਉਹ ਦਿਲ ਦੀ ਬਿਮਾਰੀ ਦੀ ਲਪੇਟ ਵਿਚ ਹਨ, ਮਰੀਜ਼ ਖੁਦ ਪੁਸ਼ਟੀ ਕਰ ਰਹੇ ਹਨ ਕਿ ਉਹਨਾਂ ਨੂੰ ਕੋਵਿਡ ਹੋ ਚੁੱਕਿਆ ਹੈ। ਪਹਿਲਾਂ ਕੋਈ ਸਮੱਸਿਆ ਨਹੀਂ ਸੀ। 2 ਮਹੀਨਿਆਂ ਬਾਅਦ ਪੈਦਲ ਅਤੇ ਪੌੜੀਆਂ ਚੜ੍ਹਨ 'ਤੇ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ ਹੈ।
ਜਲੰਧਰ ਤੋਂ ਕਾਰਡੀਓਲੋਜਿਸਟ ਡਾ. ਨਿਤੀਸ਼ ਗਰਗ ਦਾ ਕਹਿਣਾ ਹੈ ਕਿ ਲੋਕਾਂ ਦੀ ਇਹ ਧਾਰਨਾ ਬਦਲਣੀ ਪਵੇਗੀ ਕਿ ਦਿਲ ਦੀ ਬਿਮਾਰੀ 50 ਸਾਲ ਬਾਅਦ ਹੁੰਦੀ ਹੈ। ਕੋਵਿਡ ਤੋਂ ਬਾਅਦ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਦਿਨੀਂ ਉਹਨਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕੋਵਿਡ ਦੌਰਾਨ ਮਰੀਜ਼ਾਂ ਨੂੰ ਖੂਨ ਪਤਲਾ ਕਰਨ ਵਾਲੀ ਦਵਾਈ ਨਹੀਂ ਦਿੱਤੀ ਗਈ ਸੀ। ਇਸ ਕਾਰਨ ਬੀਮਾਰੀ ਵਧ ਗਈ। ਅਜਿਹੇ ਮਰੀਜ਼ਾਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੈ।
ਦਿਲ ਦੇ ਮਾਹਿਰ ਡਾ. ਨਵੀਨ ਖੰਨਾ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਸਨ, ਉਹਨਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਕੋਵਿਡ ਦੌਰਾਨ ਮਰਨ ਵਾਲੇ ਮਰੀਜ਼ਾਂ ਵਿਚ ਦਿਲ ਦੇ ਦੌਰੇ ਦੇ ਮਰੀਜ਼ ਜ਼ਿਆਦਾ ਸਨ। ਨਾਲ ਹੀ ਸਰੀਰ 'ਚ ਇਨਫੈਕਸ਼ਨ ਦਾ ਅਸਰ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਅਜਿਹੇ ਦਿਲ ਦੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਆ ਕੇ ਟੈਸਟ ਕਰਵਾਉਣਾ ਚਾਹੀਦਾ ਹੈ।