
SSP ਵਰੁਣ ਸ਼ਰਮਾ ਦੀ ਪਹਿਲਕਦਮੀ ਤੋਂ ਪ੍ਰਭਾਵਿਤ ਹੋਏ ਹੋਰ ਮੁਲਾਜ਼ਮਾਂ ਨੇ ਵੀ ਪੰਜਾਬੀ ਵਿਚ ਲਿਖਵਾਇਆ ਨਾਂਅ
ਪਟਿਆਲਾ: ਜ਼ਿਲ੍ਹਾ ਪੁਲਿਸ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਆਪਣੀ ਵਰਦੀ ’ਤੇ ਅੰਗਰੇਜ਼ੀ ਦੀ ਬਜਾਏ ਪੰਜਾਬੀ ਵਿਚ ਨਾਂਅ ਲਿਖਵਾਇਆ ਹੈ। ਐਸਐਸਪੀ ਦੀ ਪਹਿਲਕਦਮੀ ਤੋਂ ਪ੍ਰਭਾਵਿਤ ਹੋਏ ਹੋਰ ਮੁਲਾਜ਼ਮਾਂ ਨੇ ਵੀ ਵਰਦੀ ’ਤੇ ਪੰਜਾਬੀ ਵਿਚ ਆਪਣਾ ਨਾਂਅ ਲਿਖਵਾਇਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਮਾਂ ਬੋਲੀ ਸਾਡੇ ਲਈ ਸਭ ਤੋਂ ਪਹਿਲਾਂ ਹੈ, ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਪੰਜਾਬੀ ਭਾਸ਼ਾ ਨੂੰ ਹਰ ਪੱਧਰ 'ਤੇ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ 'ਚ ਵਰਦੀ 'ਤੇ ਨਾਂਅ ਲਿਖਵਾਉਣ ਵਾਲੇ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਡਾ ਮਾਣ ਹੈ।
ਦੱਸ ਦੇਈਏ ਕਿ ਕੁਝ ਦਿਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ 'ਤੇ ਪੰਜਾਬੀ ਭਾਸ਼ਾ ਵਿਚ ਸਾਈਨ ਬੋਰਡ ਲਗਾਉਣ ਲਈ ਲਹਿਰ ਸ਼ੁਰੂ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਸੀ। ਇਸ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ।