
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਧਾਨ ਲਾਉਣ ਦੇ ਮਾਮਲੇ ਵਿਚ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਅਕਾਲੀ ਆਗੂ ਅਤੇ ਭਾਜਪਾ...
ਚੰਡੀਗੜ੍ਹ : ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਧਾਨ ਲਾਉਣ ਦੇ ਮਾਮਲੇ ਵਿਚ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਅਕਾਲੀ ਆਗੂ ਅਤੇ ਭਾਜਪਾ ਦੇ 'ਵਿਧਾਇਕ' ਮਨਜਿੰਦਰ ਸਿਰਸਾ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਬਣਨ ਦਾ ਢੌਂਗ ਰਚਣਾ ਬੰਦ ਕਰੇ।
ਰੰਧਾਵਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਸੱਚਮੁੱਚ ਲੱਗ ਰਿਹਾ ਹੈ ਕਿ ਭਾਜਪਾ ਸੱਚਮੁੱਚ ਸਿੱਖਾਂ ਦੇ ਮਸਲਿਆਂ ਵਿਚ ਦਖ਼ਲ ਦਿੰਦੀ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਵਿਚ ਅਕਾਲੀ ਦਲ ਦੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦੇ ਕੇ ਰੋਸ ਪ੍ਰਗਟਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੇ ਹਰਸਿਮਰਤ ਕੌਰ ਦੀ ਵਜੀਰੀ ਖ਼ਾਤਰ ਪੰਜਾਬ ਅਤੇ ਸਿੱਖਾਂ ਦੇ ਹਿੱਤ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅੱਗੇ ਗਿਰਵੀ ਰੱਖੇ ਹੋਏ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਆਰ ਪੀ ਸਿੰਘ ਨੇ ਵੀ ਅਕਾਲੀ ਦਲ ਨੂੰ ਤਾਅਨਾ ਮਾਰਿਆ ਹੈ ਕਿ ਪਹਿਲਾ ਸਰਕਾਰ ਵਿਚੋਂ ਬਾਹਰ ਹੋਵੋ ਫੇਰ ਭਾਈਵਾਲੀ ਤੋੜਨ ਦੀ ਧਮਕੀ ਦੇਵੋ। ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਇਕ ਬਿਆਨ ਰਾਹੀਂ ਸਿੱਖਾਂ ਦੇ ਅਲੰਬਰਦਾਰ ਹੋਣ ਦਾ ਢਕਵੰਜ ਕਰ ਰਹੇ ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਖ਼ੁਦ ਤਾਂ ਭਾਜਪਾ ਦੇ ਚੋਣ ਨਿਸ਼ਾਨ ਉਪਰ ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਬਣੇ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਦੋਹਰਾ ਕਿਰਦਾਰ ਸਿੱਖਾਂ ਸਾਹਮਣੇ ਨੰਗਾ ਹੋ ਗਿਆ ਹੈ ਅਤੇ ਹੁਣ ਇਹ ਫੋਕੇ ਬਿਆਨਾਂ ਰਾਹੀਂ ਸਿੱਖ ਹਿਤੈਸ਼ੀ ਹੋਣ ਦਾ ਦਿਖਾਵਾ ਬੰਦ ਕਰਨ। ਉਨ੍ਹਾਂ ਕਿਹਾ ਕਿ ਯੂ ਪੀ ਏ ਸਰਕਾਰ ਦੌਰਾਨ ਕਾਂਗਰਸ ਦੇ ਤੱਤਕਾਲੀ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ 400 ਸਾਲਾ ਪੁਰਬ ਮੌਕੇ ਹਜ਼ੂਰ ਸਾਹਿਬ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਸਨ ਜਿਸ ਨੂੰ ਦੁਨੀਆਂ ਵਿਚ ਵਸਦਾ ਕੋਈ ਵੀ ਸਿੱਖ ਹਾਲੇ ਤੱਕ ਨਹੀਂ ਭੁੱਲਿਆ।