
“ਜਦੋਂ ਦੀ ਪੰਜਾਬ ਸਰਕਾਰ ਨੇ ਵਾਂਗਡੋਰ ਸੰਭਾਲੀ ਉਦੋਂ ਤੋਂ ਹੀ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ (ਪੀ.ਏ.ਸੀ.ਐਸ) ਦੇ ਬੇਜ਼ਮੀਨੇ ਗ਼ੈਰ-ਕਾਸ਼ਤਕਾਰ...
ਚੰਡੀਗੜ੍ਹ : “ਜਦੋਂ ਦੀ ਪੰਜਾਬ ਸਰਕਾਰ ਨੇ ਵਾਂਗਡੋਰ ਸੰਭਾਲੀ ਉਦੋਂ ਤੋਂ ਹੀ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ (ਪੀ.ਏ.ਸੀ.ਐਸ) ਦੇ ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਮੈਂਬਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ (ਪੀ.ਏ.ਸੀ.ਐਸ) ਦੇ ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਮੈਂਬਰਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਹੋਈ ਮੀਟਿੰਗ ਦੀ ਅਗਵਾਈ ਕਰਨ ਮੌਕੇ ਕੀਤਾ।
Meeting
ਇਸ ਮੀਟਿੰਗ ਵਿਚ ਸਹਿਕਾਰੀ ਸੰਭਾਵਾਂ ਦੇ ਸਕੱਤਰੇਤ ਨੁਮਾਇੰਦੇ ਸ਼ਾਮਲ ਹੋਏ। ਗੌਰਤਲਬ ਹੈ ਪਹਿਲਾਂ ਅਜਿਹੇ ਲਾਭ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਦਿਤੇ ਗਏ ਸਨ।
ਮੰਤਰੀ ਨੇ ਅੱਗੇ ਦੱਸਿਆ ਕਿ ਉਕਤ ਟੀਚਾ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਨੀਵੇਂ ਆਰਥਿਕ ਪਿਛੋਕੜ ਵਾਲੇ ਲੋਕ ਵਿਸ਼ੇਸ਼ ਕਰਕੇ ਗ਼ੈਰ-ਕਾਸ਼ਤਕਾਰ ਬੇਜ਼ਮੀਨੇ ਵਿਅਕਤੀ ਇਸ ਸਹਿਕਾਰਤਾ ਮੁਹਿੰਮ ਦੀ ਸੂਚੀ ਵਿਚ ਲਿਆਂਦੇ ਗਏ ਹਨ ਅਤੇ ਇਨ੍ਹਾਂ ਨੂੰ ਬੈਂਕ ਪ੍ਰਣਾਲੀ ਦਾ ਹਿੱਸਾ ਵੀ ਬਣਾਇਆ ਗਿਆ ਹੈ।
ਉਨ੍ਹਾਂ ਇਸ ਸਬੰਧੀ ਸੁਚੱਜੀਆਂ ਤੇ ਕੁਸ਼ਲ ਨੀਤੀਆਂ ਤਿਆਰ ਕਰਨ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਰੰਧਾਵਾ ਨੇ ਬਹੁਤ ਜਲਦ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਪੀ.ਏ.ਸੀ.ਐਸ ਦੇ ਸਕੱਤਰਾਂ ਦੀ ਮੀਟਿੰਗ ਸੱਦਣ ਦੀ ਵੀ ਤਾਕੀਦ ਕੀਤੀ ਅਤੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਘਟੀਆ ਤੇ ਅਸੰਤੁਸ਼ਟ ਕਾਰਗੁਜ਼ਾਰਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਬਰਾਬਰ ਲਿਆਉਣ ਦਾ ਮੁੱਦਾ ਵੀ ਚੁੱਕਿਆ।
Meeting
ਸਹਿਕਾਰੀ ਖੇਤਰ ਦੇ ਪੱਛੜ ਜਾਣ ਲਈ ਉਨ੍ਹਾਂ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸਰਕਾਰ ਸਹਿਕਾਰੀ ਸਭਾਵਾਂ ਦੀ ਨੁਹਾਰ ਬਦਲਣ ਲਈ ਭਰੋਸਾ ਬਣਾਉਣ ਵਿਚ ਕਾਮਯਾਬ ਹੋਈ ਹੈ। ਇਸ ਮੌਕੇ ਹੋਰ ਪਤਵੰਤਿਆਂ ਵਿਚ ਜਲੰਧਰ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ, ਸ਼ਾਹਕੋਟ ਦੇ ਐਮ.ਐਲ.ਏ. ਹਰਦੇਵ ਸਿੰਘ ਲਾਡੀ,
ਚੱਬੇਵਾਲ ਦੇ ਐਮ.ਐਲ.ਏ. ਰਾਜ ਕੁਮਾਰ ਚੱਬੇਵਾਲ, ਸਮਰਾਲਾ ਦੇ ਐਮ.ਐਲ.ਏ. ਅਮਰੀਕ ਸਿੰਘ ਢਿੱਲੋਂ, ਖੰਨਾ ਦੇ ਐਮ.ਐਲ.ਏ. ਗੁਰਕੀਰਤ ਸਿੰਘ ਕੋਟਲੀ, ਗਿੱਲ ਦੇ ਐਮ.ਐਲ.ਏ. ਕੁਲਦੀਪ ਸਿੰਘ ਵੈਦ ਅਤੇ ਪੰਜਾਬ ਰਾਜ ਸਹਿਕਾਰੀ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ. ਬਾਤਿਸ਼ ਵੀ ਸ਼ਾਮਲ ਸਨ।