
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ
ਫਿਰੋਜ਼ਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਐਸਆਈਟੀ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਪੇਸ਼ ਕੀਤੇ ਗਏ ਚਲਾਨ ਵਿਚ ਅਪਣਾ ਨਾਮ ਸ਼ਾਮਲ ਹੋਣ ’ਤੇ ਕੁੰਵਰ ਵਿਜੇਪ੍ਰਤਾਪ ਵਿਰੁੱਧ ਤਿੱਖਾ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਐਸਆਈਟੀ ਮੁਖੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੇ ਹਨ।
Kunwar Vijay Pratap Singh
ਇਹੀ ਨਹੀਂ ਸੁਖਬੀਰ ਬਾਦਲ ਨੇ ਇੱਥੋਂ ਤਕ ਕਹਿ ਦਿੱਤਾ ਕਿ ''ਕੁੰਵਰ ਵਿਜੇਪ੍ਰਤਾਪ ਵਿਚ ਜੇਕਰ ਹਿੰਮਤ ਹੈ ਤਾਂ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਏ''। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਇਹ ਗੱਲਾਂ ਫਰੀਦਕੋਟ ਵਿਖੇ ਪੁਲਿਸ ਹਿਰਾਸਤ ਵਿਚ ਮਰੇ ਜਸਪਾਲ ਸਿੰਘ ਦੇ ਹੱਕ ਵਿਚ ਲਗਾਏ ਜਾ ਰਹੇ ਧਰਨੇ ਮੌਕੇ ਕਹੀਆਂ ਜੋ ਐਸਐਸਪੀ ਫ਼ਰੀਦਕੋਟ ਦੇ ਦਫ਼ਤਰ ਅੱਗੇ ਲਗਾਇਆ ਹੋਇਆ ਹੈ।
Jaspal Singh
ਦੱਸ ਦਈਏ ਕਿ ਅਕਾਲੀ ਸਰਕਾਰ ਵੇਲੇ ਸਾਲ 2015 ਵਿਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਤੇ ਬਹਿਬਲ ਕਲਾਂ ਵਿਖੇ ਗੋਲੀ ਕਾਂਡ ਮਾਮਲੇ ਵਿਚ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਸਬੰਧੀ ਐਸਆਈਟੀ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਕਥਿਤ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਬੇਅਦਬੀ ਦੀ ਸਾਜਿਸ਼ ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਰਾਮ ਰਹੀਮ ਵਲੋਂ ਮਿਲ ਕੇ ਰਚੀ ਗਈ ਸੀ।