
ਬੱਬਰ ਖ਼ਾਲਸਾ ਨਾਲ ਜੁੜੇ ਵਿਅਕਤੀ ਨੂੰ ਪਿਸਤੌਲ ਦੇਣ ਦੇ ਦੋਸ਼ ’ਚ ਸਾਬਕਾ ਏਸੀਪੀ ਨੂੰ ਮਿਲੀ ਜ਼ਮਾਨਤ
ਮੁੰਬਈ, 29 ਸਤੰਬਰ : ਬਾਂਬੇ ਹਾਈ ਕੋਰਟ ਨੇ ਬੁਧਵਾਰ ਨੂੰ ਦਿੱਲੀ ਪੁਲਿਸ ਦੇ ਸੇਵਾਮੁਕਤ ਏਸੀਪੀ ਸੁੰਦਰਲਾਲ ਪਰਾਸ਼ਰ ਨੂੰ ਜਮਾਨਤ ਦੇ ਦਿਤੀ। ਪਰਾਸ਼ਰ ਨੂੰ ਐਨਆਈਏ ਨੇ ਖ਼ਾਲਿਸਤਾਨ ਲਈ ਸਿੱਖ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਸਮੂਹ ਨਾਲ ਜੁੜੇ ਇਕ ਵਿਅਕਤੀ ਨੂੰ ਪਿਸਤੌਲ ਮੁਹਈਆ ਕਰਵਾਉਣ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਸੀ।
ਦਿੱਲੀ ਨਿਵਾਸੀ ਪਰਾਸ਼ਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 2019 ਵਿਚ ਗਿ੍ਰਫ਼ਤਾਰ ਕੀਤਾ ਸੀ। ਪਰਾਸ਼ਰ ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਵਲੋਂ ਉਸ ਦੀ ਜਮਾਨਤ ਪਟੀਸ਼ਨ ਖ਼ਾਰਜ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਤਕ ਪਹੁੰਚ ਕੀਤੀ ਸੀ।
ਜਸਟਿਸ ਐਸਐਸ ਸ਼ਿੰਦੇ ਅਤੇ ਜਸਟਿਸ ਐਨਜੇ ਜਮਾਦਾਰ ਦੇ ਡਿਵੀਜਨ ਬੈਂਚ ਨੇ ਬੁਧਵਾਰ ਨੂੰ ਪਰਾਸ਼ਰ ਨੂੰ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਵਿਰੁਧ ਅਪੀਲ ਕਰਨ ਦੀ ਇਜਾਜ਼ਤ ਦਿਤੀ ਸੀ। ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਪਰਾਸ਼ਰ ਨੂੰ ਜਮਾਨਤ ਦੇ ਦਿਤੀ। ਬੈਂਚ ਨੇ ਪਰਾਸ਼ਰ ਨੂੰ ਅਗਲੇ ਛੇ ਮਹੀਨਿਆਂ ਲਈ ਮਹੀਨੇ ਵਿਚ ਇਕ ਵਾਰ ਐਨਆਈਏ ਦਫ਼ਤਰ ਵਿਚ ਹਾਜ਼ਰ ਹੋਣ ਦੇ ਨਿਰਦੇਸ਼ ਵੀ ਦਿਤੇ ਹਨ। ਵਕੀਲ ਮੁਬੀਨ ਸੋਲਕਰ ਦੁਆਰਾ ਦਾਇਰ ਅਪਣੀ ਪਟੀਸ਼ਨ ਵਿਚ, ਪਰਾਸ਼ਰ ਨੇ ਕਿਹਾ ਸੀ ਕਿ ਉਸਦੇ ਵਿਰੁਧ ਕੋਈ ਸਬੂਤ ਨਹੀਂ ਹੈ ਅਤੇ ਐਨਆਈਏ ਇਸ ਮਾਮਲੇ ਵਿਚ ਉਸਦੀ ਸਮੂਲੀਅਤ ਸਥਾਪਤ ਕਰਨ ਵਿਚ ਅਸਫ਼ਲ ਰਹੀ ਹੈ।
ਐਨਆਈਏ ਨੇ ਅਪਣੀ ਚਾਰਜਸ਼ੀਟ ਵਿਚ ਕਿਹਾ ਸੀ ਕਿ ਪਰਾਸ਼ਰ ਨੇ ਖ਼ਾਲਿਸਤਾਨ ਸਮਰਥਕ ਹਰਪਾਲ ਸਿੰਘ ਨਾਂ ਦੇ ਵਿਅਕਤੀ ਨੂੰ ਪਿਸਤੌਲ ਅਤੇ ਜਿੰਦਾ ਕਾਰਤੂਸ ਦਿਤੇ ਸਨ, ਜਿਸਦਾ ਸਬੰਧ ਕੱਟੜਪੰਥੀ ਸਮੂਹ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੀ। (ਏਜੰਸੀ)