
ਲੋਕਾਂ ਦੇ ਮੁੱਦਿਆਂ ਨੂੰ ਸਦਨ ’ਚ ਚੁੱਕਣ ਦੀ ਬਜਾਏ ਸਦਨ ’ਚ ਮੁੱਖ ਮੰਤਰੀ ਦੇ ਆਉਂਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਦਾ ਅੱਜ ਤੀਜਾ ਦਿਨ ਸੀ ਤੇ ਇਹ ਦਿਨ ਵੀ ਹੰਗਾਮੇ ਭਰਿਆ ਰਿਹਾ। ਇਸ ਦੌਰਾਨ ਕਾਂਗਰਸੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਹਮੋ-ਸਾਹਮਣੇ ਹੋ ਗਏ। ਵਿਰੋਧੀ ਧਿਰ ਦੇ ਲੀਡਰਾਂ ਨੇ ਆਪ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਤੇ ਸੈਸ਼ਨ ਦੌਰਾਨ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਮੁੱਦਿਆਂ ਨੂੰ ਸਦਨ ’ਚ ਚੁੱਕਣ ਦੀ ਬਜਾਏ ਸਦਨ ’ਚ ਮੁੱਖ ਮੰਤਰੀ ਦੇ ਆਉਂਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਉਥੇ ਹੀ ਬਹਿਸਬਾਜ਼ੀ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਜਦੋਂ ਕਾਂਗਰਸੀ ਵਿਧਾਇਕ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸਪੀਕਰ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਦੇ ਦੋ ਦਿਨ ਖ਼ਰਾਬ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਕਾਂਗਰਸ ਦੇ ਵਿਧਾਇਕ ਪੂਰੀ ਤਿਆਰੀ ਕਰਕੇ ਆਉਣ। ਕਾਂਗਰਸ ਦੇ ਹੰਗਾਮੇ ਵਿਚਾਲੇ ਸਪੀਕਰ ਨੂੰ ਸੋਮਵਾਰ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਦੇ ਨਾਲ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਵਾਰ ਕੀਤਾ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਨਕਲੀ ਮੁੱਖ ਮੰਤਰੀ ਤੱਕ ਕਹਿ ਦਿੱਤਾ।
ਦਰਅਸਲ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਨਕਲੀ ਸਪੀਕਰ ਕਹਿਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਭੜਕ ਗਏ ਤੇ ਉਹਨਾਂ ਨੇ ਕਾਂਗਰਸੀਆਂ ਨੂੰ ਕਿਹਾ ਕਿ ਸਪੀਕਰ ਨੂੰ ਇਹ ਲੋਕ ਨਕਲੀ ਸਪੀਕਰ ਕਹਿ ਰਹੇ ਹਨ ਜਦਕਿ ਇਹ ਖ਼ੁਦ ਨਕਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੈਪਟਨ ਕਾਂਗਰਸ ਦੇ ਨਕਲੀ ਮੁੱਖ ਮੰਤਰੀ ਸਨ ਅਤੇ ਉਹ ਵੀ ਕਾਂਗਰਸ ਦੇ ਨਾਲ ਬਰੈਕਟ ’ਚ ਹੁਣ ਭਾਜਪਾ ਲਿਖ ਲੈਣ। ਇੰਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕਾਂ ਨੂੰ ਭਾਜਪਾ ਦੀ ਵਿਧਾਨ ਸਭਾ ’ਚ ਚਲੇ ਜਾਣ ਲਈ ਵੀ ਕਿਹਾ।