
ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਸੋਨੂੰ ਖੱਤਰੀ ਦਾ ਸੰਚਾਲਕ ਹੈ ਮੁਲਜ਼ਮ
Punjab News: ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਪਿਛਲੇ ਮਹੀਨੇ ਜਲੰਧਰ 'ਚ ਹੋਏ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਗੈਂਗਸਟਰ ਦਾ ਨਾਂਅ ਕਰਨਜੀਤ ਸਿੰਘ ਜੱਸਾ ਹੈਪੋਵਾਲ ਹੈ, ਜੋ ਵਿਦੇਸ਼ 'ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੀਆਂ ਹਦਾਇਤਾਂ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜੱਸਾ ਵਿਰੁਧ ਇਸ ਵੇਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 6 ਕੇਸ ਦਰਜ ਹਨ।
ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ 'ਚ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰ ਦਿਤੀ ਸੀ। ਇੰਨਾ ਹੀ ਨਹੀਂ ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿਤਾ ਗਿਆ।
ਇਹ ਵਾਰਦਾਤ ਅਮਰੀਕਾ ਰਹਿੰਦੇ ਜਵਾਈ ਨੇ ਕਰਵਾਈ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸੇ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਲਈ ਗੈਂਗਸਟਰ ਨੂੰ ਸੁਪਾਰੀ ਦਿਤੀ ਸੀ। ਮਾਂ-ਧੀ ਦਾ ਕਤਲ ਕਰਨ ਵਾਲਾ ਗੈਂਗਸਟਰ ਜੱਸਾ ਅਪਣੇ ਸਾਥੀ ਸਮੇਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਜਿਸ 'ਚ ਦੋਵੇਂ ਸਪਲੈਂਡਰ ਬਾਈਕ 'ਤੇ ਜਾਂਦੇ ਨਜ਼ਰ ਆ ਰਹੇ ਸਨ।
(For more news apart from Counter Intelligence-Jalandhar apprehended Gangster Jassa Happowal, stay tuned to Rozana Spokesman)