
ਸ਼ੰਭੂ-ਖਨੌਰੀ ਮੋਰਚੇ ’ਤੇ ਪੁਲਿਸ ਕਾਰਵਾਈ ਸਮੇਂ ਚੋਰੀ ਤੇ ਗ਼ਾਇਬ ਹੋਏ ਕਿਸਾਨਾਂ ਦੇ ਸਮਾਨ ਦੀ ਭਰਪਾਈ ਦੀ ਹੈ ਮੰਗ
ਚੰਡੀਗੜ੍ਹ (ਭੁੱਲਰ) : ਸ਼ੰਭੂ-ਖਨੌਰੀ ਮੋਰਚੇ ਨੂੰ ਪੁਲਿਸ ਵਲੋਂ ਖਦੇਡੇ ਜਾਣ ਬਾਅਦ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਬਾਅਦ ਇਕ ਵਾਰ ਮੁੜ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਅੱਜ ਪੰਜਾਬ ਭਰ ’ਚ ਐਕਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਮੋਰਚਿਆਂ ਦੀ ਅਗਵਾਈ ਮਰਨ ਵਰਤ ’ਤੇ ਬੈਠੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਕਰਦੇ ਹਨ।
ਚੰਡੀਗੜ੍ਹ ਕੇਂਦਰ ਸਰਕਾਰ ਨਾਲ ਮੀਟਿੰਗ ਬਾਅਦ ਇਨ੍ਹਾਂ ਦੋਹਾਂ ਆਗੂਆਂ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਲਾਵਾ ਹੋਰ ਸਾਰੇ ਪ੍ਰਮੁੱਖ ਆਗੂਆਂ ਸਮੇਤ 1400 ਤੋਂ ਵੱਧ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪਿਛਲੇ ਦਿਨ ਰਿਹਾਈ ਹੋਈ ਹੈ। ਦੋਹਾਂ ਫੋਰਮਾਂ ਦੇ ਆਗੂਆਂ ਲੇ ਹੁਣ ਸ਼ੰਭੂ-ਖਨੌਰੀ ਪੁਲਿਸ ਕਾਰਵਾਈ ਸਮੇਂ ਕਿਸਾਨਾਂ ਦੇ ਟੈਂਟ ਉਖਾੜਨ ਸਮੇਂ ਗ਼ਾਇਬ ਹੋਏ ਸਮਾਨ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਅਤੇ ਕਿਸਾਨ ਆਗੂਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ 31 ਮਾਰਚ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਉ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ।
ਇਸ ਐਕਸ਼ਨ ਨੂੰ ਲੈ ਕੇ ਭਾਵੇਂ ਪਹਿਲਾਂ ਦੋਵੇਂ ਫੋਰਮਾਂ ’ਚ ਮੱਤਭੇਦ ਦੀਆਂ ਖ਼ਬਰਾਂ ਸਨ ਪਰ ਅੱਜ ਬਾਅਦ ਦੁਪਹਿਰ ਕਿਸਾਨ ਆਗੂਆਂ ਦੀ ਮੀਟਿੰਗ ਬਾਅਦ ਇਹ ਮਸਲਾ ਸੁਲਝਾ ਲਿਆ ਗਿਆ ਹੈ। ਇਸ ਐਕਸ਼ਨ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਸਮਰਥਨ ਕੀਤਾ ਗਿਆ ਹੈ। ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਕਿਸਾਨਾਂ ਦੇ ਜਬਰ ਵਿਰੋਧੀ ਪ੍ਰੋਗਰਾਮਾਂ ਦਾ ਸਾਥ ਦਿਤਾ ਜਾਵੇ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਫੋਰਮਾਂ ਤੈਅ ਪ੍ਰੋਗਰਾਮ ਮੁਤਾਬਕ ਮਿਲ ਕੇ ਪੰਜਾਬ ’ਚ ਮੰਤਰੀਆਂ ਦੇ ਘਰ ਘੇਰਨਗੀਆਂ। ਉਨ੍ਹਾਂ ਕਿਹਾ ਕਿ ਦੋਵਾਂ ਫੋਰਮਾਂ ’ਚ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਹੈ। ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਵੱਡੀ ਗਿਣਤੀ ਵਿਚ ਟਰਾਲੀਆਂ ਤੋਂ ਇਲਾਵਾ ਪੁਲਿਸ ਕਾਵਾਈ ਦੌਰਾਨ ਹੀ ਏ.ਸੀ., ਕੂਲਰ ਤੇ ਹੋਰ ਕੀਮਤੀ ਸਮਾਨ ਵੱਡੀ ਗਿਣਤੀ ਵਿਚ ਗ਼ਾਇਬ ਹੋਇਆ ਹੈ, ਜਿਸ ਦੀ ਭਰਪਾਈ ਕਰਵਾਉਣੀ ਜ਼ਰੂਰੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਲੇ ਅਪਦੇ ਬੰਦੇ ਕਾਰਵਾਈ ਦੌਰਾਨ ਲਿਆ ਕੇ ਚੀਜ਼ਾਂ ਦੀ ਲੁੱਟ ਕਰਵਾਈ ਹੈ ਤੇ ਵੱਡੇ ਪੱਧਰ ’ਤੇ ਭੰਨਤੋੜ ਕੀਤੀ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਦੀ ਗਾਰੰਟੀ ਤੇ ਹੋਰ ਮੰਗਾਂ ਲਈ ਸੰਘਰਸ਼ ਵੀ ਜਾਰੀ ਰਹੇਗਾ ਅਤੇ ਅਗਲੀ ਰਣਨੀਤੀ ਛੇਤੀ ਤੈਅ ਕੀਤੀ ਜਾਵੇਗੀ।