
ਸੂਬੇ ਦੇ ਦਰਿਆਵਾਂ ਵਿਚ ਸਨਅਤਾਂ ਅਤੇ ਸੀਵਰੇਜ ਦੇ ਗੰਦੇ ਅਤੇ ਜ਼ਹਿਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬੀਮਾਰੀਆਂ ਤੋਂ ਸਰਕਾਰ ਅਤੇ ਜਨਤਾ ਨੂੰ ਸੂਚੇਤ...
ਮੁੱਲਾਂਪੁਰ ਦਾਖਾ, ਸੂਬੇ ਦੇ ਦਰਿਆਵਾਂ ਵਿਚ ਸਨਅਤਾਂ ਅਤੇ ਸੀਵਰੇਜ ਦੇ ਗੰਦੇ ਅਤੇ ਜ਼ਹਿਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬੀਮਾਰੀਆਂ ਤੋਂ ਸਰਕਾਰ ਅਤੇ ਜਨਤਾ ਨੂੰ ਸੂਚੇਤ ਕਰਨ ਦੇ ਮਕਸਦ ਨਾਲ ਅੱਜ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਆਪ ਦੇ ਸੀਨੀਅਰ ਆਗੂਆਂ ਵਲੋਂ ਪਿੰਡ ਗੌਂਸਪੁਰ ਤੋਂ ਬੁੱਢਾ ਨਾਲੇ (ਲੁਧਿਆਣਾ) ਦੇ ਪ੍ਰਦੂਸ਼ਿਤ ਪਾਣੀ ਦੇ ਕਰੀਬ 150 ਨਮੂਨੇ ਬੋਤਲਾਂ 'ਚ ਭਰੇ ਗਏ। ਉਪਰੰਤ ਨਮੂਨਿਆ ਨੂੰ ਇਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗੱਡੀ ਵਿਚ ਰੱਖ ਕੇ ਵੱਡੇ ਕਾਫ਼ਲੇ ਦੇ ਰੂਪ ਵਿਚ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦਸਿਆ ਕਿ ਅੱਜ ਹੀ ਪਹਿਲਾਂ ਨਮੂਨਾ ਪਾਰਟੀ ਦੇ ਸੀਨੀਅਰ ਨੇਤਾਵਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਾਰੇ 117 ਵਿਧਾਇਕਾਂ ਅਤੇ ਲੋਕ ਸਭਾ/ਰਾਜ ਸਭਾ ਦੇ 20 ਮੈਂਬਰਾਂ ਨੂੰ ਇਕ-ਇਕ ਬੋਤਲ (ਗੰਦੇ ਅਤੇ ਜ਼ਹਿਰੀਲੇ ਪਾਣੀ ਦੀ) ਭੇਂਟ ਕੀਤੀ ਜਾਵੇਗੀ ਤਾਂ ਕਿ ਉਹ ਅੱਗੇ ਪੰਜਾਬ ਦੀ ਸਾਰੀ ਜਨਤਾ ਨੂੰ ਗੰਭੀਰ ਸਮੱਸਿਆ ਸਬੰਧੀ ਸੁਚੇਤ ਕਰ ਸਕਣ।
ਉਨ੍ਹਾਂ ਕਿਹਾ ਕਿ ਲਗਾਤਾਰ ਦਰਿਆਵਾਂ ਦੇ ਪ੍ਰਦੂਸ਼ਤ ਅਤੇ ਜ਼ਹਿਰੀਲੇ ਮੁਨੁੱਖੀ ਜੀਵ ਅਤੇ ਜੀਵ ਜੰਤੂਆਂ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਇਸ ਭਿਆਨਕ ਸਥਿਤੀ ਦੇ ਸਹੀ ਹੱਲ ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਵੇ। ਪ੍ਰਧਾਨ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੇ ਆਗੂਆਂ ਨੂੰ ਮਾਝੇ ਦੇ ਪਿੰਡ ਬੁੱਟਰ ਸਿਵੀਆਂ ਦੀ ਡਰੇਨ ਨੇੜੇ ਨਾ ਜਾਣ ਦੀ ਸਖਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਦੋਖੀਆਂ ਦਾ ਰਾਖਾ ਹੋਣ ਦਾ ਦੋਸ਼ ਲਾਇਆ ਹੈ।
ਇਸ ਸਮੇਂ ਸੰਸਦ ਮੈਂਬਰ ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਅਨਿਲ ਠਾਕੁਰ (ਸਾਰੇ ਜੋਨ ਪ੍ਰਧਾਨ), ਸੂਬਾ ਯੂਥ ਪ੍ਰਧਾਨ ਮਨਜਿੰਦਰ ਸਿੰਘ, ਸਪੋਕਸਪਰਸਨ ਦਰਸ਼ਨ ਸਿੰਘ ਸ਼ੰਕਰ, ਸੂਬਾ ਮੀਤ ਪ੍ਰਧਾਨ ਕਰਨਵੀਰ ਟਿਵਾਣਾ, ਜਨਰਲ ਸਕੱਤਰ ਅਹਿਤਾਬ ਸਿੰਘ ਗਰੇਵਾਲ, ਜ਼ੋਨ ਸੰਗਠਨ ਇੰਚਾਰਜ ਮੋਹਨ ਵਿਰਕ, ਜ਼ੋਨ ਯੂਥ ਪ੍ਰਧਾਨ ਅਮਨਦੀਪ ਮੋਹੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਧਮੋਟ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਅਤੇ ਹਲਕਾ ਗਿੱਲ ਦੇ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਹਾਜ਼ਰ ਸਨ।