
ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਰਖਿਆ ਹੈ। ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ...
ਸਰਦੂਲਗੜ੍ਹ, ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਰਖਿਆ ਹੈ। ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ ਸਾਉਣੀ ਫ਼ਸਲਾਂ ਬਚਾਉਣ ਲਈ ਕਿਸਾਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਪਰ ਧਰਤੀ ਹੇਠਲੇ ਮਾੜੇ ਪਾਣੀ ਕਾਰਨ ਫਿਰ ਵੀ ਫਸਲਾਂ ਦਾ ਬਚਾਅ ਨਹੀਂ ਹੋ ਰਿਹਾ।
ਪਿੰਡ ਜਟਾਣਾ ਖੁਰਦ ਦੇ ਕਿਸਾਨ ਸੰਭੂ ਸਿੰਘ, ਅਵਤਾਰ ਸਿੰਘ ਅਤੇ ਗੁਲਾਬ ਸਿੰਘ ਨੇ ਦਸਿਆ ਸਾਡੇ ਦੋ ਦਰਜਨ ਪਿੰਡਾਂ ਘੁੱਦੂਵਾਲਾ, ਜਟਾਣਾ ਖੁਰਦ, ਜਟਾਣਾ ਕਲਾਂ, ਕੋਟੜਾ, ਚੂਹੜੀਆ, ਫੱਤਾ ਮਾਲੋਕਾ, ਕੁਸਲਾ, ਜਗਤਗੜ੍ਹ ਬਾਦਰਾਂ ਆਦਿ ਦਾ ਸੇਮ ਦੀ ਮਾਰ ਕਾਰਨ ਧਰਤੀ ਹੇਠਲਾ ਪਾਣੀ ਖਾਰਾ ਅਤੇ ਕੌੜਾ ਹੈ। ਕਿਸਾਨਾਂ ਦਸਿਆ ਝੋਨੇ ਦੀ ਬਿਜਾਈ ਲਈ ਅਸੀ ਪਨੀਰੀ ਬੀਜੀ ਸੀ ਪਰ ਨਹਿਰੀ ਪਾਣੀ ਨਾ ਮਿਲਣ ਕਰ ਕੇ ਬੋਰਾਂ ਦੇ ਪਾਣੀ ਕਾਰਨ ਇਹ ਪੀਲੀ ਪੈਣ ਲੱਗ ਪਈ ਹੈ ਅਤੇ ਕਾਫੀ ਬੂਟੇ ਸੁੱਕ ਰਹੇ ਹਨ। ਕਿਸਾਨਾਂ ਦੱਸਿਆ ਕਿ ਇਸਦੇ ਬਚਾਅ ਲਈ ਅਸੀਂ ਨਹਿਰ ਦਾ ਖੜਾ ਪਾਣੀ ਢੋਲਾਂ ਆਦਿ 'ਚ ਭਰ ਕੇ ਡੱਬਿਆਂ ਨਾਲ ਨਰਮੇ ਦੇ ਬੂਟਿਆਂ ਦੀ ਜੜ੍ਹਾਂ 'ਚ ਪਾ ਰਹੇ ਹਾਂ।