
ਪੰਜਾਬ ਦੇ ਸਿਖਿਆ ਮੰਤਰੀ ਓ.ਪੀ. ਸੋਨੀ ਨੇ 3582 ਭਰਤੀ ਦੇ ਰਹਿੰਦੇ ਅੰਗਰੇਜ਼ੀ ਦੇ 257 ਅਤੇ ਹਿੰਦੀ ਦੇ 342 ਅਧਿਆਪਕਾਂ ਨੂੰ ਨਿਯੁਕਤੀ-ਕਮ-ਪੇਸ਼ਕਸ਼ ਪੱਤਰ ਵੰਡੇ............
ਐਸ.ਏ.ਐਸ. ਨਗਰ : ਪੰਜਾਬ ਦੇ ਸਿਖਿਆ ਮੰਤਰੀ ਓ.ਪੀ. ਸੋਨੀ ਨੇ 3582 ਭਰਤੀ ਦੇ ਰਹਿੰਦੇ ਅੰਗਰੇਜ਼ੀ ਦੇ 257 ਅਤੇ ਹਿੰਦੀ ਦੇ 342 ਅਧਿਆਪਕਾਂ ਨੂੰ ਨਿਯੁਕਤੀ-ਕਮ-ਪੇਸ਼ਕਸ਼ ਪੱਤਰ ਵੰਡੇ। ਇਸ ਮੌਕੇ ਤਰਸ ਦੇ ਆਧਾਰ ਉਤੇ ਕਲਰਕ ਦੀਆਂ ਆਸਾਮੀਆਂ ਲਈ 6, ਲਾਇਬ੍ਰੇਰੀ ਰਿਸਟੋਰਰ ਦੀਆਂ ਆਸਾਮੀਆਂ ਲਈ 3, ਐਸ.ਐਲ.ਏ. 1 ਅਤੇ ਦਰਜਾ ਚਾਰ ਦੀਆਂ ਆਸਾਮੀਆਂ ਲਈ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿਤੇ ਗਏ।
ਇਨ੍ਹਾਂ 3582 ਅਧਿਆਪਕਾਂ ਵਿਚੋਂ 2082 ਨੂੰ ਅੰਮ੍ਰਿਤਸਰ ਵਿਚ ਕਰਵਾਏ ਪ੍ਰੋਗਰਾਮ ਵਿਚ ਨਿਯੁਕਤੀ ਪੱਤਰ ਵੰਡੇ ਗਏ ਸਨ ਜਦਕਿ ਅੰਗਰੇਜ਼ੀ ਤੇ ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਦਾ ਮਾਮਲਾ ਅਦਾਲਤ ਵਿਚ ਚਲਾ ਗਿਆ ਸੀ। ਹੁਣ ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਬਾਕੀ ਰਹਿੰਦੇ ਅਧਿਆਪਕਾਂ ਨੂੰ ਅੱਜ ਮੁਹਾਲੀ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਨਿਯੁਕਤੀ ਪੱਤਰ ਵੰਡੇ ਗਏ।
ਇਸ ਮੌਕੇ ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਬੱਚਿਆਂ ਨੂੰ ਚੰਗੀ ਸਿਖਿਆ ਮੁਹਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪਣੀਆਂ ਮੰਗਾਂ ਮਨਵਾਉਣ ਲਈ ਧਰਨਿਆਂ ਦਾ ਰਾਹ ਛੱਡ ਕੇ ਗੱਲਬਾਤ ਦੀ ਮੇਜ਼ ਉਤੇ ਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਹੈ ਅਤੇ ਮੰਨ ਵੀ ਰਹੀ ਹੈ ਤਾਂ ਅਧਿਆਪਕਾਂ ਨੂੰ ਮੁਜ਼ਾਹਰਿਆਂ ਦੇ ਰਾਹ ਪੈਣ ਦੀ ਕੀ ਲੋੜ ਹੈ।