
ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
Weather update: ਅਗਸਤ ਮਹੀਨੇ ’ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਸਤੰਬਰ ’ਚ ਵੀ ਭਾਰਤ ਅੰਦਰ ਆਮ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਹੀ ਨਹੀਂ ਉੱਤਰ-ਪਛਮੀ ਭਾਰਤ ਅਤੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਕਿਹਾ ਕਿ ਉੱਤਰ-ਪਛਮੀ ਭਾਰਤ ਦੇ ਕੁੱਝ ਇਲਾਕਿਆਂ, ਦਖਣੀ ਪ੍ਰਾਇਦੀਪ ਦੇ ਕਈ ਹਿੱਸਿਆਂ, ਉੱਤਰੀ ਬਿਹਾਰ ਅਤੇ ਉੱਤਰ-ਪੂਰਬੀ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਛੱਡ ਕੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮੌਤੰਜੈ ਮਹਾਪਾਤਰਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤੰਬਰ ਦੌਰਾਨ ਦੇਸ਼ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ, ਜੋ ਲੰਮੇ ਸਮੇਂ ਦੀ ਔਸਤ 167.9 ਮਿਲੀਮੀਟਰ ਦਾ 109 ਫ਼ੀ ਸਦੀ ਹੈ।
ਉੱਤਰ-ਪਛਮੀ ਖੇਤਰ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ’ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸੇ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਨਾਲ ਲਗਦੇ ਇਲਾਕੇ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਇਲਾਕਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨਾਲ ਹੜ੍ਹ ਆ ਸਕਦੇ ਹਨ। ਸਾਨੂੰ ਜ਼ਮੀਨ ਖਿਸਕਣ, ਚਿੱਕੜ ਭਰੇ ਤੂਫ਼ਾਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਮਹੀਨੇ ਦੇ ਹਰ ਹਫਤੇ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਵਾਲਾ ਸਿਸਟਮ ਵਿਕਸਤ ਹੋਵੇਗਾ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ’ਚ ਭਾਰੀ ਮੀਂਹ ਪਵੇਗਾ।’’ ਬੰਗਾਲ ਦੀ ਖਾੜੀ ’ਚ ਕਈ ਘੱਟ ਦਬਾਅ ਪ੍ਰਣਾਲੀਆਂ ਦੇ ਵਿਕਸਤ ਹੋਣ ਦੀ ਸੰਭਾਵਨਾ ਦੇ ਨਾਲ ਮਾਨਸੂਨ ਟ੍ਰਫ ਅਪਣੀ ਆਮ ਸਥਿਤੀ ’ਚ ਰਹਿਣ ਦੀ ਉਮੀਦ ਹੈ, ਜੋ ਰਾਜਸਥਾਨ ਤਕ ਪੱਛਮ-ਉੱਤਰ-ਪੱਛਮ ਵਲ ਵਧ ਸਕਦਾ ਹੈ। ਮਹਾਪਾਤਰਾ ਨੇ ਕਿਹਾ ਕਿ ਇਹ ਤੂਫਾਨ ਹਿਮਾਲਿਆ ਦੀ ਤਲਹਟੀ ਵਲ ਵੀ ਵਧ ਸਕਦਾ ਹੈ ਅਤੇ ਸਤੰਬਰ ’ਚ ਪਛਮੀ ਗੜਬੜੀ ਦੇ ਇਸ ਖੇਤਰ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ।
ਨਾਲ ਹੀ ਉਨ੍ਹਾਂ ਇਹ ਵੀ ਦਸਿਆ ਕਿ ਅਗੱਸਤ ’ਚ ਭਾਰਤ ’ਚ ਆਮ ਨਾਲੋਂ ਕਰੀਬ 16 ਫੀ ਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਉੱਤਰ-ਪਛਮੀ ਭਾਰਤ ’ਚ 253.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ 2001 ਤੋਂ ਬਾਅਦ ਅਗੱਸਤ ’ਚ ਦੂਜਾ ਸੱਭ ਤੋਂ ਵੱਧ ਮੀਂਹ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਦੇਸ਼ ਅੰਦਰ ਅਗੱਸਤ ’ਚ 287.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਮੀਂਹ 248.1 ਮਿਲੀਮੀਟਰ ਹੁੰਦਾ ਹੈ।
ਕੁਲ ਮਿਲਾ ਕੇ, ਭਾਰਤ ’ਚ 1 ਜੂਨ ਨੂੰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 749 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਇਸ ਮਿਆਦ ਦੌਰਾਨ ਆਮ ਤੌਰ ’ਤੇ 701 ਮਿਲੀਮੀਟਰ ਮੀਂਹ ਪੈਂਦਾ ਹੈ।