
ਸਰਪੰਚ ਦੀ ਦਰਿਆਦਿਲੀ
ਫ਼ਾਜ਼ਿਲਕਾ (ਸਪੋਕਸਮੈਨ ਸਮਾਚਾਰ ਸੇਵਾ) : ਚੋਣਾਂ ਵੇਲੇ ਅਕਸਰ ਲੀਡਰ ਕਈ-ਕਈ ਵਾਅਦੇ ਕਰਦੇ ਹਨ ਅਤੇ ਬਾਅਦ ਵਿਚ ਇਹ ਵਾਅਦੇ ਕਿਸੇ ਨੂੰ ਯਾਦ ਨਹੀਂ ਰਹਿੰਦੇ ਪਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਬੱਲੂਆਣਾ ਹਲਕੇ ਦੇ ਪਿੰਡ ਢੀਂਗਾ ਵਾਲੀ ਵਿਚ ਸਹਾਰਨ ਪਰਵਾਰ ਦੇ ਸਰਪੰਚ ਯੋਗੇਸ਼ ਸਹਾਰਨ ਨੇ ਪਿੰਡ ਦੇ ਗ਼ਰੀਬ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੁਗਾ ਕੇ ਵਿਖਾਏ ਹਨ। ਸਰਪੰਚ ਯੋਗੇਸ਼ ਸਹਾਰਨ ਨੇ ਅਪਣੀ ਮਲਕੀਅਤ ਵਾਲੀ ਜ਼ਮੀਨ ਵਿਚੋਂ 64 ਪਲਾਟ ਵੰਡ ਕੇ ਗ਼ਰੀਬਾਂ ਨੂੰ ਦੀਵਾਲੀ ਦਾ ਤੋਹਫਾ ਦਿਤਾ।
ਸਰਪੰਚ ਯੋਗੇਸ਼ ਸਹਾਰਨ ਨੇ ਦਸਿਆ, ''ਜਦੋਂ ਮੈਂ ਸਰਪੰਚ ਦੀ ਚੋਣ ਲਈ ਛੱਪੜ ਦੇ ਕੰਢੇ ਬੈਠੇ ਬੇਘਰ ਲੋਕਾਂ ਦੇ ਕੋਲ ਵੋਟ ਮੰਗਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਈ ਕੋਰਟ ਵਲੋਂ ਨੋਟਿਸ ਮਿਲੇ ਹੋਏ ਹਨ ਕਿ ਛੱਪੜ ਦੀ ਪੰਚਾਇਤੀ ਜ਼ਮੀਨ ਖ਼ਾਲੀ ਕਰੋ। ਇਸ ਲਈ ਉਨ੍ਹਾਂ ਨੂੰ ਰਹਿਣ ਲਈ ਘਰ ਦੀ ਲੋੜ ਹੈ। ਉਦੋਂ ਮੈਂ ਬੇਘਰ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਮੈਂ ਜਿੱਤ ਗਿਆ ਤਾਂ ਤੁਹਾਨੂੰ ਅਪਣੀ ਜ਼ਮੀਨ ਵਿਚੋਂ ਪਲਾਟ ਦੇਵਾਂਗਾ।''
ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਰਾਮ ਚੰਦਰ ਗੋਦਾਰਾ ਨੇ ਕਿਹਾ ਕਿ ਯੋਗੇਸ਼ ਸਹਾਰਨ ਨੇ ਅਪਣੀ ਜ਼ਮੀਨ ਗ਼ਰੀਬਾਂ ਨੂੰ ਦੇ ਦਿਤੀ ਹੈ ਤੇ ਹੁਣ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਘਰ ਵੀ ਬਣਵਾ ਕੇ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਗ਼ਰੀਬ ਲੋਕਾਂ ਨੂੰ ਅਪਣਾ ਆਸ਼ਿਆਨਾ ਮਿਲ ਗਿਆ। ਉਥੇ ਹੀ ਪਲਾਟ ਮਿਲਣ ਵਾਲੇ ਲੋਕਾਂ ਨੇ ਵੀ ਸਰਪੰਚ ਵਲੋਂ ਉਨ੍ਹਾਂ ਨੂੰ ਪਲਾਟ ਦਿੱਤੇ ਜਾਣ 'ਤੇ ਧਨਵਾਦ ਕੀਤਾ ਅਤੇ ਕਿਹਾ ਕਿ ਅਸੀ ਕਈ ਸਾਲਾਂ ਤੋਂ ਛੱਪੜ ਦੇ ਕੰਢੇ ਕਬਜ਼ੇ ਵਾਲੀ ਜ਼ਮੀਨ ਉਤੇ ਬੈਠੇ ਸੀ ਪਰ ਉਨ੍ਹਾਂ ਨੇ ਸਾਨੂੰ ਪਲਾਟ ਦੇ ਕੇ ਪੁੰਨ ਦਾ ਕੰਮ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।