
ਅੰਮ੍ਰਿਤਸਰ, 18 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਸਾਬਕਾ ਮੰਤਰੀ ਤੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਅਹੁਦੇ ਦੀ ਥਾਂ ਸਿਧਾਂਤ ਨੂੰ ਤਰਜੀਹ ਦਿਤੀ। ਇਹ ਪ੍ਰਗਟਾਵਾ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਸ. ਕਲਕੱਤਾ ਦੇ ਸਸਕਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਵਲੋਂ ਸ. ਕਲਕੱਤਾ ਦੀ ਅੰਤਮ ਯਾਤਰਾ 'ਚ ਨਾ ਪੁੱਜਣਾ ਬੜਾ ਅਫ਼ਸੋਸਨਾਕ ਹੈ। ਅਜਿਹੀ ਵਿਖਾਈ ਗਈ ਬੇਗਾਨਗੀ ਰਵਾਇਤਾਂ ਤੇ ਪਰੰਪਰਾਵਾਂ ਦੀ ਉਲੰਘਣਾ ਹੈ ਪਰ ਸ਼੍ਰੋਮਣੀ ਕਮੇਟੀ ਨੇ ਅਪਣੀ ਭੂਮਿਕਾ ਬਾਖੂਬੀ ਨਿਭਾਈ ਹੈ ਜੋ ਸ਼ਲਾਘਾਯੋਗ ਹੈ।
ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਦਿੱਲੀ ਕਮੇਟੀ ਨੇ ਇਕ ਡਰਾਈਵਰ ਤੇ ਇਕ ਹੋਰ ਸੇਵਾਦਾਰ ਕਿਸਮ ਦੇ ਵਿਅਕਤੀ ਨੂੰ ਭੇਜ ਕੇ
ਸਾਬਕਾ ਪ੍ਰਧਾਨ ਨਾਲ ਕੋਝਾ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਨਜੀਤ ਸਿੰਘ ਕਲਕੱਤਾ ਸਿੱਖ ਪੰਥ ਦਾ ਚਲਦਾ ਫਿਰਦਾ 'ਮਹਾਨਕੋਸ਼' ਸੀ ਤੇ ਉਨ੍ਹਾਂ ਨੂੰ ਆਮ ਤੌਰ ਤੇ ਸਿਆਸੀ ਆਗੂ ਸਿੱਖ ਪੰਥ ਦੇ ਦਿਮਾਗ਼ ਕਹਿ ਕੇ ਸਤਿਕਾਰਦੇ ਸਨ। ਪੰਥ ਪ੍ਰਤੀ ਉਨ੍ਹਾਂ ਦੀਆਂ ਨਿਭਾਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। 24 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਮੀ ਭਰੀ ਹੈ ਕਿ ਉਹ ਇਸ ਮਹਾਨ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜ਼ਰੂਰ ਪੁੱਜਣਗੇ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ 'ਚ ਇਕ ਨਿਮਾਣੇ ਵਰਕਰ ਤੋਂ ਪ੍ਰਧਾਨਗੀ ਦੇ ਅਹੁਦੇ ਤਕ ਦਾ ਕਲਕੱਤਾ ਦਾ ਸਫ਼ਰ ਨੌਜਵਾਨ ਪੰਥਕ ਆਗੂਆਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗਾ। ਸ੍ਰ ਕਲਕੱਤਾ ਨੇ ਬਾਦਲ ਸਰਕਾਰ 'ਚ ਸਿੱਖਿਆ ਮੰਤਰੀ ਵਜੋਂ ਨਿਭਾਈਆ ਸੇਵਾਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਜੋਂ ਪੰਥਕ ਦਰਦ ਰੱਖਦੇ ਹੋਏ ਕੀਤੇ ਗਏ ਕਾਰਜ ਵੀ ਆਉਣ ਵਾਲੀਆ ਪੀੜ੍ਹੀਆ ਲਈ ਸਿੱਖਿਆ ਦਾਇਕ ਸਾਬਤ ਹੋਣਗੇ।